ਅੰਮ੍ਰਿਤਸਰ : 15 ਅਗਸਤ 1947 ’ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਯਾਦ ਕੀਤਾ ਗਿਆ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ, ਜਿਸ ਵਿਚ ਦੇਸ਼ ਦੀ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਕਿ ਦੇਸ਼ ਵੰਡ ਦੌਰਾਨ ਕਈਆਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਕਈ ਲੋਕਾਂ ਨੇ ਉਜਾੜੇ ਦਾ ਦਰਦ ਹੰਢਾਇਆ ਹੈ। ਪੰਜਾਬ ਦੀ ਧਰਤੀ ਲਹੂ ਲੁਹਾਣ ਹੋਈ ਅਤੇ 10 ਲੱਖ ਦੇ ਕਰੀਬ ਲੋਕਾਂ ਨੂੰ ਮਾਰਿਆ ਗਿਆ।
ਉਨ੍ਹਾਂ ਨੇ ਸਰਕਾਰਾਂ ਨੂੰ ਲਾਹਨਤ ਪਾਉਂਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਲੋਕ ਅਜ਼ਾਦੀ ਦਾ ਜਸ਼ਨ ਤਾਂ ਮਨਾ ਰਹੇ ਹਨ ਪਰ ਇਨ੍ਹਾਂ ਕੋਲੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਅਤੇ ਉਜਾੜੇ ਗਏ ਲੋਕਾਂ ਲਈ ਦੋ ਸ਼ਬਦ ਸ਼ਰਧਾਂਜਲੀ ਦੇ ਵੀ ਨਹੀਂ ਨਿਕਲੇ।
ਜਥੇਦਾਰ ਨੇ ਸੱਤਾਧਾਰੀ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਵੰਡ ਵੇਲੇ ਜਿੱਥੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ, ਉੱਥੇ ਹੀ ਪੰਜਾਬ ਨੂੰ ਸਭ ਤੋਂ ਜ਼ਿਆਦਾ ਘਾਟਾ ਪਿਆ ਸੀ ਜੋ ਅੱਜ ਤੱਕ ਨਹੀਂ ਪੂਰਿਆ ਗਿਆ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅੱਧੇ ਤੋਂ ਜ਼ਿਆਦਾ ਪੰਜਾਬ ਪਾਕਿਸਤਾਨ ਵਿੱਚ ਹੀ ਰਹਿ ਗਿਆ ਹੈ, ਸਾਡੇ ਇਤਿਹਾਸਕ ਗੁਰੂਧਾਮ ਪਾਕਿਸਤਾਨ ਵਿੱਚ ਰਹਿ ਗਏ ਜਿਵੇਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ, ਗੁਰਦੁਆਰਾ ਸ਼੍ਰੀ ਚੂਨਾ ਮੰਡੀ ਲਾਹੌਰ , ਸ਼ੇਰ-ਏ-ਪੰਜਾਬ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਾਹੀ ਕਿਲ੍ਹਾ ਵੀ ਪਾਕਿਸਤਾਨ ਵਿੱਚ ਰਹਿ ਗਿਆ।
ਜਥੇਦਾਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਹੁਕਮਾਂ ਅਨੁਸਾਰ 16 ਅਗਸਤ ਨੂੰ ਦੰਗਿਆਂ ਵਿੱਚ ਮਾਰੇ ਗਏ ਬੇਕਸੂਰ ਸ਼ਹੀਦ ਲੋਕਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ।