ਰੋਪੜ : ਪੌਂਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਦੇ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਦੀਨਾਨਗਰ ਖੇਤਰ ਦੇ ਪਿੰਡਾਂ ਚੇਚੀਆ ਛੋੜੀਆ, ਪੱਖੋਵਾਲ ਕੁਲੀਆਂ, ਦਲੇਲਪੁਰ ਖੇੜਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ, ਖੈਰੀਆਂ, ਪਡਾਣਾ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਕੇ ਇੱਕ ਸੁਰੱਖਿਅਤ ਜਗ੍ਹਾ ‘ਤੇ ਜਾਣ ਲਈ ਕਿਹਾ ਗਿਆ ਹੈ।
ਬਿਆਸ ਪੁਲ ਬੰਦ
ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਪੈਂਦੇ ਦਰਿਆ ਬਿਆਸ ਪੁਲ ’ਤੇ ਪ੍ਰਸ਼ਾਸਨ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਦੀਨਾਨਗਰ ਪਿੰਡ ਜਗਤਪੁਰ ਟਾਂਡਾ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਜਾਰੀ ਹੈ। ਆਮ ਆਦਮੀ ਪਾਰਟੀ ਦੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਪਿੰਡ ਵਿੱਚ ਪਹੁੰਚ ਗਏ ਹਨ ਅਤੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਰਹੇ ਹਨ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਮੌਕੇ ‘ਤੇ ਪਹੁੰਚ ਖੇਤਰ ਦਾ ਮੁਆਇਨਾ ਕੀਤਾ।ਡੀਸੀ ਅਗਰਵਾਲ ਦੇ ਹੁਕਮਾਂ ‘ਤੇ ਐਮਰਜੈਂਸੀ ਲਈ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਤਾਂ ਜੋ ਲੋੜ ਪੈਣ ‘ਤੇ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ।
ਹੈਲਪਲਾਈਨ ਨੰਬਰ ਜਾਰੀ ਕੀਤਾ ਹੈ
ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਲਈ ਹੈਲਪਲਾਈਨ ਨੰਬਰ 1800 180 1852 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਰਾਹਗੀਰਾਂ ਨੂੰ ਗੁਰਦਾਸਪੁਰ ਮੁਕੇਰੀਆਂ ਰੋਡ ‘ਤੇ ਦਰਿਆ ਬਿਆਸ ਦੇ ਪੁਲ ਵੱਲ ਨਾ ਜਾਣ ਲਈ ਕਿਹਾ ਹੈ। ਮੁਕੇਰੀਆਂ ਤੋਂ ਗੁਰਦਾਸਪੁਰ ਵਿਚਕਾਰ ਆਉਣ-ਜਾਣ ਲਈ ਲੋਕਾਂ ਨੂੰ ਪਠਾਨਕੋਟ, ਮੀਰਥਲ ਅਤੇ ਦੀਨਾਨਗਰ ਤੋਂ ਹੋ ਕੇ ਜਾਣਾ ਪਵੇਗਾ।
ਜਾਣਕਾਰੀ ਦੇ ਮੁਤਾਬਿਕ ਭਾਖੜਾ ਵਿੱਚ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ । ਜੋ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2 ਫੁੱਟ ਹੇਠਾਂ ਸੀ ਇਸ ਲਈ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ । ਗੇਟ ਕਿੰਨੇ ਉੱਚੇ ਚੁੱਕੇ ਗਏ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ 1988 ਵਿੱਚ ਗੇਟ 4 ਫੁੱਟ ਤੱਕ ਖੋਲੇ ਗਏ ਸਨ । ਉੱਧਰ BBMB ਨੇ ਦੱਸਿਆ ਹੈ ਕਿ ਪੌਂਗ ਡੈਮ ਤੋਂ 1.50 ਕਿਉਸਿਕ ਪਾਣੀ ਛੱਡਿਆ ਗਿਆ ਹੈ । ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਹੈ । ਜਿਸ ਦੇ ਬਾਅਦ 1,14,785 ਕਿਉਸਿਕ ਪਾਣੀ ਛੱਡਿਆ ਗਿਆ ਹੈ ।