Punjab

ਪੰਜਾਬ ਵਿੱਚ ਸਵਾ ਛੇ ਲੱਖ ਏਕੜ ਫ਼ਸਲ ਤਬਾਹ …

In Punjab, six and a half lakh acres of crops were destroyed due to floods.

ਚੰਡੀਗੜ੍ਹ : ਬੀਤੇ ਮਹੀਨੇ ਪੰਜਾਬ ਵਿੱਚ ਆਏ ਹੜਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਸੀ | ਬਹੁਤ ਸਾਰੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਹੜ੍ਹਾਂ ਕਾਰਨ ਤਬਾਹੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਸੂਬੇ ਵਿੱਚ ਕਰੀਬ ਸਵਾ ਛੇ ਲੱਖ ਏਕੜ ਫ਼ਸਲ ਤਬਾਹ ਹੋਈ ਹੈ। ਇਸ ਦੌਰਾਨ 54 ਲੋਕਾਂ ਦੀ ਜਾਨ ਚਲੀ ਗਈ ਤੇ 27 ਹਜ਼ਾਰ ਪਸ਼ੂ ਮਰ ਗਏ। ਇਹ ਖੁਲਾਸਾ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਅੰਤਰ ਮੰਤਰਾਲਾ ਟੀਮ ਨੂੰ ਰਿਪੋਰਟ ਸੌਂਪੀ ਹੈ।

ਉਧਰ, ਪੰਜਾਬ ਸਰਕਾਰ ਨੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਉਂਝ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਕ 1210 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਕੇਂਦਰੀ ਨਿਯਮਾਂ ਅਨੁਸਾਰ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਹੈ ਜਦੋਂਕਿ ਝੋਨੇ ਦੀ ਫ਼ਸਲ ਦੀ ਹਾਲੇ ਲੁਆਈ ਹੀ ਹੋਈ ਸੀ। ਕੇਂਦਰੀ ਨਿਯਮ ਮੁੱਢਲੇ ਪੜਾਅ ਦੇ ਪੌਦਿਆਂ ਨੂੰ ਫ਼ਸਲ ਨਹੀਂ ਮੰਨਦੇ।

ਰਿਪੋਰਟ ਅਨੁਸਾਰ ਸੂਬੇ ਵਿਚ ਕੁੱਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 2645 ਮਕਾਨ ਅੱਧੇ ਡਿੱਗੇ ਹਨ। ਪੰਜਾਬ ਨੇ ਕੇਂਦਰ ਤੋਂ ਘਰਾਂ ਵਾਸਤੇ ਪ੍ਰਤੀ ਘਰ 2.40 ਲੱਖ ਰੁਪਏ ਦੀ ਮੰਗ ਕੀਤੀ ਹੈ। ਪੰਜਾਬ ਵਿਚ ਹੜ੍ਹਾਂ ਦੌਰਾਨ ਜੋ 54 ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ 4 ਲੱਖ ਰੁਪਏ ਦੀ ਵਿੱਤੀ ਮਦਦ ਮਿਲਣੀ ਹੈ ਜਦੋਂ ਕਿ ਨਿਯਮਾਂ ਵਿਚ ਛੋਟ ਮਿਲਣ ’ਤੇ ਅੱਠ ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਸੂਬੇ ਵਿਚ ਹੜ੍ਹਾਂ ਵਿਚ 27,640 ਪਸ਼ੂਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਰਾਸ਼ੀ ਆਫ਼ਤ ਰਾਹਤ ਫ਼ੰਡਾਂ ਵਿਚੋਂ ਮਿਲੇਗੀ।

ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਕਰਕੇ ਪੰਜਾਬ ਦੇ ਦਰਿਆਵਾਂ/ਚੋਆਂ ਅਤੇ ਨਹਿਰਾਂ ਵਿਚ ਕੁੱਲ 488 ਪਾੜ ਪਏ ਹਨ। ਇਨ੍ਹਾਂ ਵਿਚੋਂ 254 ਪਾੜ ਇਕੱਲੇ ਨਹਿਰਾਂ ਵਿਚ ਪਏ ਹਨ, ਇਨ੍ਹਾਂ ਲਈ 159 ਕਰੋੜ ਦੀ ਲੋੜ ਹੈ। ਪੰਜਾਬ ਵਿਚ ਸੜਕਾਂ ਦੀ ਮੁਰੰਮਤ ਪਹਿਲਾਂ ਹੀ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡਾਂ ਨੂੰ ਰੋਕੇ ਜਾਣ ਕਰਕੇ ਲਟਕੀ ਹੋਈ ਹੈ ਪਰ ਹੜ੍ਹਾਂ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹੜ੍ਹਾਂ ਨਾਲ 2251 ਕਿੱਲੋਮੀਟਰ ਸੜਕਾਂ ਟੁੱਟੀਆਂ ਹਨ ਜਿਨ੍ਹਾਂ ਵਿਚੋਂ 1733 ਕਿੱਲੋਮੀਟਰ ਲਿੰਕ ਸੜਕਾਂ ਹਨ। ਸੜਕਾਂ ਟੁੱਟਣ ਕਰਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਬਣੀ ਹੋਈ ਹੈ।

ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਨੂੰ ਵੀ ਮਾਰ ਪਈ ਹੈ। ਸਮੁੱਚੇ ਪੰਜਾਬ ਵਿਚ ਕੁੱਲ 1097 ਸਰਕਾਰੀ ਸਕੂਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਰੂਪਨਗਰ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ 277 ਸਕੂਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 187 ਸਕੂਲ ਅਤੇ ਮੁਹਾਲੀ ਜ਼ਿਲ੍ਹੇ ਵਿਚ 163 ਸਕੂਲਾਂ ਨੂੰ ਮੀਹਾਂ ਨੇ ਮਾਰ ਮਾਰੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। 668 ਪ੍ਰਾਇਮਰੀ ਸਕੂਲ, 185 ਮਿਡਲ ਸਕੂਲ, 132 ਹਾਈ ਸਕੂਲ ਅਤੇ 112 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮੀਹਾਂ ਨੇ ਪ੍ਰਭਾਵਿਤ ਕੀਤਾ ਹੈ।