Punjab

ਮੁਆਫ਼ੀ ਮੰਗਣ ਤੱਕ ਢੱਡਰੀਆਂ ਵਾਲੇ ਦਾ ਹਰ ਸਮਾਗਮ ਦਾ ਬਾਈਕਾਟ ਕਰੇ ਸਿੱਖ ਸੰਗਤ : ਸ਼੍ਰੀ ਅਕਾਲ ਤਖ਼ਤ ਸਾਹਿਬ

‘ਦ ਖ਼ਾਲਸ ਬਿਊਰੋ:- ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ ਵਿੱਚ ਵਿਵਾਦਿਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਸਲੇ ਬਾਰੇ ਸਖਤ ਫੈਸਲਾ ਲਿਆ ਗਿਆ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਮੁੱਚੀ ਸਿੱਖ ਸੰਗਤ, ਧਾਰਮਿਕ ਸੰਸਥਾਵਾਂ ਸਮੇਤ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਜਿੰਨਾਂ ਚਿਰ ਢੱਡਰੀਆਂ ਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਓਨਾਂ ਚਿਰ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਏ ਜਾਣ, ਨਾ ਹੀ ਸੁਣੇ ਜਾਣ ਅਤੇ ਨਾ ਹੀ ਢੱਡਰੀਆਂ ਵਾਲਿਆਂ ਦੀ ਕਿਸੇ ਵੀ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਜਾਵੇ।

 

ਉਹਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦਾ ਖਮਿਆਜਾ ਉਸ ਨੂੰ ਖੁਦ ਭੁਗਤਣਾ ਪਵੇਗਾ।

ਅਖੀਰ ਵਿੱਚ ਉਹਨਾਂ ਇਹ ਵੀ ਕਿਹਾ ਕਿ ਜੇਕਰ ਢੱਡਰੀਆਂ ਵਾਲਾ ਬਾਜ ਨਾ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ।

 

ਇਸੇ ਤਰ੍ਹਾ ਪੰਜ ਮੈਂਬਰੀ ਕਮੇਟੀ ਨੇ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ UK ਖਿਲਾਫ ਸਖਤ ਫੈਸਲਿਆਂ ਲੈਦਿਆਂ, ਦੇਸ਼ਾਂ ਵਿਦੇਸ਼ਾਂ ‘ਚ ਬੈਠੀ ਸਮੁੱਚੀ ਸਿੱਖ ਸੰਗਤ ਨੂੰ ਆਦੇਸ਼ ਜਾਰੀ ਕੀਤਾ ਹੈ ਕਿ  ਜਿਨ੍ਹਾਂ ਚਿਰ ਹਰਿੰਦਰ ਸਿੰਘ ਨਿਰਵੈਰ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੁਆਫੀ ਨਹੀਂ ਮੰਗਦਾ, ਓਨਾਂ ਚਿਰ ਭਾਈ ਹਰਿੰਦਰ ਸਿੰਘ ਦੇ ਸਮਾਗਮ ਨਾ ਕਰਵਾਏ ਜਾਣ।

 

ਪਿਛਲੇ ਲੰਮੇ ਸਮੇਂ ਤੋਂ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ UK  ਦੀਆਂ ਸਿੱਖ ਸੰਗਤ ਵੱਲੋਂ ਗੁਰੂ ਨਾਨਕ ਸਾਹਿਬ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ  ਸ਼ਿਕਾਇਤਾਂ  ਪਹੁੰਚੀਆਂ ਗਈਆਂ ਸਨ। ਜਿਸ ਤੋਂ ਬਾਅਦ ਕਮੇਟੀ ਨੇ 6-1-2020 ਨੂੰ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸ਼ਪੱਸ਼ਟੀਕਰਨ ਵੀ ਮੰਗਿਆ ਸੀ, ਜੋ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਭੇਜਿਆ ਗਿਆ।