India

ਭਰਾ-ਭੈਣ ਦੇ ਨਾਜਾਇਜ਼ ਸਬੰਧਾਂ ‘ਚ ਅੜਿੱਕਾ ਬਣਿਆ ਪਤੀ , ਦੋਵਾਂ ਨੇ ਮਿਲ ਕੇ ਕੀਤਾ ਇਹ ਕਾਰਾ…

The husband became an obstacle in the illicit relationship of brother-sister, both of them committed murder together..

ਉੱਤਰਾਖੰਡ :  ਸਾਡੇ ਦੇਸ਼ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਉੱਤਰਾਖੰਡ ‘ਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਭਰਾ ਨਾਲ ਨਾਜਾਇਜ਼ ਸਬੰਧਾਂ ‘ਚ ਅੜਿੱਕਾ ਬਣ ਰਹੇ ਪਤੀ ਦਾ ਪਤਨੀ ਨੇ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ।

ਕਤਲ ਤੋਂ ਪਹਿਲਾਂ ਔਰਤ ਨੇ ਆਪਣੇ ਪਤੀ ਨੂੰ ਖਾਣੇ ‘ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਖੁਆ ਦਿੱਤੀਆਂ, ਜਿਸ ਕਾਰਨ ਪਤੀ ਬੇਹੋਸ਼ ਹੋ ਗਿਆ। ਪਤੀ ਦੇ ਬੇਹੋਸ਼ ਹੁੰਦੇ ਹੀ ਪਤਨੀ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ, ਜਿੱਥੇ ਬੇਹੋਸ਼ ਹੋਏ ਪਤੀ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਪੁਲਿਸ ਨੇ ਮੁਲਜ਼ਮ ਪਤਨੀ ਅਤੇ ਉਸ ਦੇ ਚਚੇਰੇ ਭਰਾ ਸਮੇਤ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ।

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲਾ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਬਾਜਪੁਰ ਇਲਾਕੇ ਦਾ ਹੈ। ਅਹਿਮਦ ਹਸਨ ਇੱਥੇ ਆਪਣੀ ਪਤਨੀ ਰੁਬੀਨਾ ਨਾਲ ਰਹਿ ਰਿਹਾ ਸੀ। ਰੁਬੀਨਾ ਦੇ ਆਪਣੇ ਚਚੇਰੇ ਭਰਾ ਦਾਨਿਸ਼ ਨਾਲ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਅਹਿਮਦ ਹਸਨ ਬਹਿਰੀਨ ਤੋਂ ਵਾਪਸ ਆਇਆ ਸੀ। ਉਸ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਹਸਨ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਵਿਚ ਅੜਿੱਕਾ ਬਣ ਰਿਹਾ ਸੀ। ਇਸ ਤੋਂ ਤੰਗ ਆ ਕੇ ਰੁਬੀਨਾ ਅਤੇ ਦਾਨਿਸ਼ ਨੇ ਹਸਨ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।

ਕਤਲ ਕਾਂਡ ਦਾ ਖ਼ੁਲਾਸਾ ਕਰਦਿਆਂ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਮੰਜੂਨਾਥ ਟੀਸੀ ਨੇ ਦੱਸਿਆ ਕਿ ਅਹਿਮਦ ਹਸਨ ਬਹਿਰੀਨ ਵਿੱਚ ਕੰਮ ਕਰਦਾ ਸੀ ਅਤੇ ਉੱਥੋਂ ਵਾਪਸ ਆਇਆ ਸੀ। ਹੁਣ ਉਸ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਰੁਬੀਨਾ ਹਸਨ ਦੇ ਘਰ ਰਹਿਣ ਕਾਰਨ ਆਪਣੇ ਬੁਆਏ ਫਰੈਂਡ ਦਾਨਿਸ਼ ਨੂੰ ਨਹੀਂ ਮਿਲ ਸਕੀ ਸੀ। ਦੋਹਾਂ ਨੇ ਹਸਨ ਨੂੰ ਰਸਤੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ।

ਐਸਐਸਪੀ ਨੇ ਦੱਸਿਆ ਕਿ 4 ਅਗਸਤ ਨੂੰ ਦਾਨਿਸ਼ ਰੁਬੀਨਾ ਲਈ ਚਾਰ ਨੀਂਦ ਦੀਆਂ ਗੋਲੀਆਂ ਲੈ ਕੇ ਆਇਆ ਸੀ, ਜਿਸ ਨੂੰ ਉਸ ਨੇ ਖਾਣੇ ਵਿੱਚ ਮਿਲਾ ਕੇ ਅਹਿਮਦ ਹਸਨ ਨੂੰ ਖੁਆ ਦਿੱਤਾ। ਇਸ ਤੋਂ ਬਾਅਦ ਰੁਬੀਨਾ ਨੇ ਦਾਨਿਸ਼ ਨੂੰ ਵੱਟਸਐਪ ‘ਤੇ ਫ਼ੋਨ ਕਰਕੇ ਆਪਣੇ ਘਰ ਬੁਲਾਇਆ।

ਦੋਵਾਂ ਨੇ ਹਸਨ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਗਲ਼ਾ ਘੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਮਿਲੀ ਤਹਿਰੀਕ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਰੁਬੀਨਾ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਤਾਂ ਉਸ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤੀ ਨਾਲ ਪੁੱਛਗਿੱਛ ਵਿੱਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਰੁਬੀਨਾ ਨੇ ਦੱਸਿਆ ਕਿ ਉਸ ਨੇ ਆਪਣੇ ਪ੍ਰੇਮੀ ਦਾਨਿਸ਼ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਰੁਬੀਨਾ ਦੀ ਸੂਹ ’ਤੇ ਦਾਨਿਸ਼ ਨੂੰ ਉਸ ਦੇ ਘਰ ਠਾਕੁਰਦੁਆਰੇ ਤੋਂ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।