Punjab

ਪੰਜਾਬ ਦੀਆਂ ਧੀਆਂ ਨਾਲ ਇਹ ਕੀ ਹੋ ਰਿਹਾ ਹੈ ? ਕਿਉਂ ਜ਼ਿੰਦਗੀ ਸਾਹਮਣੇ ਗੋਢੇ ਟੇਕਣ ਨੂੰ ਮਜ਼ਬੂਰ ਹੋ ਰਹੀਆਂ ਹਨ ? ਲੁਧਿਆਣਾ ਤੇ ਅਬੋਹਰ ਦੀ ਖਬਰਾਂ ਨੇ ਸਵਾਲ ਚੁੱਕੇ !

ਬਿਉਰੋ ਰਿਪੋਰਟ : ਪੰਜਾਬ ਦੀਆਂ ਧੀਆਂ ਦਾ ਦੁਸ਼ਮਣ ਕੌਣ ਹੈ ? ਲੁਧਿਆਣਾ ਅਤੇ ਅਬੋਹਰ ਤੋਂ ਆਇਆ 2 ਘਟਨਾਵਾਂ ਨੇ ਇਸ ਸਵਾਲ ਨੂੰ ਹੋਰ ਤੇਜ਼ ਕਰ ਦਿੱਤਾ ਹੈ । ਲੁਧਿਆਣਾ ਦੇ ਗੁਰੂ ਗਿਆਨ ਵਿਹਾਰ ਤੋਂ ਇੱਕ ਵਿਆਹੁਤਾ ਰਮਨਦੀਪ ਕੌਰ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ । ਪੇਕੇ ਪਰਿਵਾਰ ਨੇ ਸਹੁਰੇ ਘਰ ‘ਤੇ ਕਤਲ ਦਾ ਇਲਜ਼ਾਮ ਲਗਾਇਆ ਹੈ ਮ੍ਰਿਤਕ ਦੀ ਪਛਾਣ ਰਮਨਦੀਪ ਕੌਰ ਦੇ ਰੂਪ ਵਿੱਚ ਹੋਈ ਹੈ । ਪੇਕੇ ਪਰਿਵਾਰ ਨੇ ਕਾਰਵਾਈ ਨਾ ਹੋਣ ‘ਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ।

ਰਮਨਦੀਪ ਨੇ ਭਰਾ ਗੋਲਡੀ ਨੇ ਦੱਸਿਆ ਉਹ ਅੰਬਾਲਾ ਦੇ ਰਹਿਣ ਵਾਲੇ ਹਨ । 2020 ਵਿੱਚ ਭੈਣ ਦਾ ਵਿਆਹ ਦੁਗਰੀ ਵਿੱਚ ਹੋਇਆ ਸੀ । ਮੰਗਲਵਾਰ ਨੂੰ ਰਮਨਦੀਪ ਕੌਰ ਦਾ ਫ਼ੋਨ ਬੰਦ ਆ ਰਿਹਾ ਸੀ । ਰਾਤ ਤਕਰੀਬਨ 8 ਵਜੇ ਰਮਨਦੀਪ ਦੀ ਸੱਸ ਨੇ ਫ਼ੋਨ ਕੀਤਾ ਅਤੇ ਦੱਸਿਆ ਕਿ ਨੂੰਹ ਸੁੱਤੀ ਹੋਈ ਹੈ। ਬਾਅਦ ਵਿੱਚ ਕਾਲ ਕਰਕੇ ਦੱਸਿਆ ਕਿ ਰਮਨਦੀਪ ਚੱਕਰ ਖ਼ਾਕੇ ਡਿੱਗ ਗਈ ।

ਗੁਆਂਢੀਆਂ ਨੇ ਧੀ ਦੀ ਮੌਤ ਦੀ ਜਾਣਕਾਰੀ ਦਿੱਤੀ

ਰਮਨਦੀਪ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਆਂਢੀਆਂ ਨੇ ਫ਼ੋਨ ਕਰਕੇ ਪੂਰੀ ਜਾਣਕਾਰੀ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਰਮਨਦੀਪ ਦੀ ਮੌਤ ਹੋ ਗਈ ਹੈ। ਭਰਾ ਗੋਲਡੀ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ ਦੁਗਰੀ ਪਹੁੰਚ ਗਏ । ਉਸ ਨੇ ਇਲਜ਼ਾਮ ਲਗਾਏ ਕਿ ਉਸ ਦੀ ਭੈਣ ਦੇ ਸਹੁਰੇ ਪੱਖ ਨਾਲ ਵਿਵਾਦ ਚੱਲ ਰਿਹਾ ਸੀ। ਕਈ ਵਾਰ ਉਨ੍ਹਾਂ ਦੇ ਨਾਲ ਸਮਝੌਤੇ ਤੋਂ ਬਾਅਦ ਮਾਮਲਾ ਸ਼ਾਂਤ ਕਰਵਾਇਆ ਗਿਆ ਸੀ । ਜਦੋਂ ਥਾਣਾ ਦੁਗਰੀ ਨੂੰ ਸ਼ਿਕਾਇਤ ਦੇਣ ਗਏ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ । ਉਸ ਦੇ ਬਾਅਦ ਥਾਣੇ ਦੇ ਬਾਹਰ ਧਰਨਾ ਲਗਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਉੱਧਰ ਅਬੋਹਰ ਤੋਂ ਵੀ ਅਜਿਹੀ ਮਾਮਲਾ ਸਾਹਮਣੇ ਆਇਆ ਹੈ ਇੱਥੇ ਵੀ ਇੱਕ ਧੀ ਦੀ ਜਾਨ ਗਈ ਹੈ ਇਲਜ਼ਾਮ ਸਹੁਰੇ ਪਰਿਵਾਰ ‘ਤੇ ਲੱਗੇ ਹਨ ।

ਅਬੋਹਰ ਦੇ ਪਿੰਡ ਕੱਲਰਖੇੜਾ ਵਿੱਚ ਇੱਕ ਔਰਤ ਨੇ ਘਰੇਲੂ ਝਗੜੇ ਦੇ ਕਾਰਨ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ । ਜਾਣਕਾਰੀ ਦੇ ਮੁਤਾਬਿਕ ਕਿਰਨਾ ਨੇ ਪਤੀ ਸੁਨੀਲ ਦੇ ਨਾਲ ਘਰੇਲੂ ਝਗੜੇ ਦੀ ਵਜ੍ਹਾ ਕਰਕੇ ਆਪਣੇ ਸਾਹਾ ਨੂੰ ਫਾਹਾ ਲਗਾਇਆ । ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ । ਮੌਕੇ ‘ਤੇ ਪਹੁੰਚੇ SHO ਹਰਪ੍ਰੀਤ ਸਿੰਘ,ASI ਬਘੇਲ ਸਿੰਘ ਜਾਂਚ ਸ਼ੁਰੂ ਕਰ ਦਿੱਤੀ ਹੈ ਪਤੀ ਤੋਂ ਪੁੱਛ-ਗਿੱਛ ਹੋ ਰਹੀ ਹੈ । ਮ੍ਰਿਤਕਾ ਕਿਰਨਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ।

ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਦੇ ਅੰਦਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਧੀਆਂ ਨੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋਕੇ ਮੌਤ ਨੂੰ ਗਲ ਲਾ ਲਿਆ । ਪੰਜਾਬ ਦੇ ਮੱਥੇ ‘ਤੇ ਪਹਿਲਾਂ ਹੀ ਇੱਕ ਵਾਰ ਕੁੜੀ ਮਾਰ ਦਾ ਦਾਗ਼ ਲੱਗ ਚੁੱਕਿਆ ਹੈ। ਗੁਆਂਢੀ ਸੂਬੇ ‘ਤੇ ਮੁੰਡਿਆਂ ਨੂੰ ਵਿਆਹ ਕਰਨ ਦੇ ਲਈ ਕੁੜੀਆਂ ਨਹੀਂ ਮਿਲ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਉੱਥੇ ਸਰਕਾਰ ਨੇ 45 ਸਾਲ ਤੋਂ ਵੱਧ ਕੁਆਰਿਆਂ ਦੇ ਲਈ ਪੈਨਸ਼ਨ ਦਾ ਐਲਾਨ ਤੱਕ ਕਰ ਦਿੱਤਾ ਹੈ ਪਰ ਅਸੀਂ ਫਿਰ ਵੀ ਇਸ ਤੋਂ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ਹਾਂ।