International Punjab

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ ਲੈਕੇ ਆਈ ਮਾੜੀ ਖਬਰ ! 4 ਘੰਟੇ ਪਹਿਲਾਂ ਪਿਤਾ ਨਾਲ ਹੋਈ ਸੀ ਗੱਲ !

ਬਿਉਰੋ ਰਿਪੋਰਟ : 24 ਘੰਟੇ ਦੇ ਅੰਦਰ ਦੂਜੇ ਪੰਜਾਬੀ ਨੌਜਵਾਨ ਦੀ ਕੈਨੇਡਾ ਤੋਂ ਮੌਤ ਦੀ ਖ਼ਬਰ ਆਈ ਹੈ । ਪਹਿਲਾਂ ਬਰਨਾਲਾ ਦੀ 22 ਸਾਲਾ ਮਨਪ੍ਰੀਤ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖ਼ਬਰ ਸਾਹਮਣੇ ਆਈ ਸੀ । ਹੁਣ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਆਈ ਹੈ । ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ । ਪਰਿਵਾਰ ਮੁਤਾਬਿਕ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਪੁੱਤਰ ਦੀ ਤੇਜ਼ ਬੁਖ਼ਾਰ ਦੀ ਵਜ੍ਹਾ ਕਰਕੇ ਮੌਤ ਹੋਈ ਹੈ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ ਉਹ 2019 ਵਿੱਚ ਪੜਾਈ ਕਰਨ ਦੇ ਲਈ ਕੈਨੇਡਾ ਗਿਆ ਸੀ । ਕੁਝ ਸਮੇਂ ਦੇ ਬਾਅਦ ਭੈਣ ਵੀ ਕੈਨੇਡਾ ਚੱਲੀ ਗਈ ਦੋਵੇਂ ਭੈਣ-ਭਰਾ ਨਾਲ ਹੀ ਰਹਿੰਦੇ ਸਨ ।

ਧੀ ਨੇ ਫ਼ੋਨ ਕਰਕੇ ਭਰਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ

ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਪੜਾਈ ਦੇ ਬਾਅਦ ਸਚਿਨ ਉੱਥੇ ਕੰਮ ਕਰ ਰਿਹਾ ਸੀ । ਬੀਤੀ ਰਾਤ 9 ਵਜੇ ਦੇ ਕਰੀਬ ਪੁੱਤਰ ਨਾਲ ਗੱਲ ਹੋਈ ਉਹ ਉਸ ਵੇਲੇ ਕੰਮ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ। ਪੁੱਤਰ ਨੇ ਦੱਸਿਆ ਕਿ ਉਸ ਨੂੰ ਥੋੜ੍ਹਾ ਬੁਖ਼ਾਰ ਹੈ ਤਾਂ ਮੈਂ ਉਸ ਨੂੰ ਕਿਹਾ ਘਰ ਪਹੁੰਚਣ ਤੋਂ ਪਹਿਲਾਂ ਉਹ ਰਸਤੇ ਵਿੱਚ ਦਵਾਈ ਲੈ ਕੇ ਜਾਵੇ । ਪੁੱਤਰ ਘਰ ਪਹੁੰਚਿਆ ਇਸ ਦੇ ਬਾਅਦ ਧੀ ਨਾਲ ਗੱਲ ਹੋਈ ਉਸ ਨੂੰ ਸਚਿਨ ਦਾ ਖ਼ਿਆਲ ਰੱਖਣ ਨੂੰ ਕਿਹਾ ਤਕਰੀਬਨ 2 ਘੰਟੇ ਬਾਅਦ ਧੀ ਦਾ ਫ਼ੋਨ ਆਇਆ ਉਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲੈ ਕੇ ਆਏ ਹਾਂ ।

ਥੋੜ੍ਹੀ ਦੇ ਬਾਅਦ ਧੀ ਨੇ ਦੱਸਿਆ ਕਿ ਡਾਕਟਰਾਂ ਨੇ ਸਚਿਨ ਨੂੰ ਮ੍ਰਿਤਕ ਐਲਾਨਿਆ ਹੈ । ਸਚਿਨ ਦੀ ਮੌਤ ਬੁਖ਼ਾਰ ਦੀ ਵਜ੍ਹਾ ਕਰਕੇ ਹੋਈ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ 2 ਦਿਨ ਤੱਕ ਰੱਖਿਆ ਜਾਵੇਗਾ । ਪਰਿਵਾਰ ਨੇ ਸਰਕਾਰ ਤੋਂ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮਦਦ ਮੰਗੀ ਹੈ । ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨੂੰ ਫ਼ੋਨ ਕਰਕੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ ਹੈ।