Punjab

ਮਨੀਪੁਰ ਘਟਨਾ ਦੇ ਵਿਰੋਧ ‘ਚ ਅੱਜ ਪੰਜਾਬ ਬੰਦ ਦਾ ਸੱਦਾ, ਬਾਜ਼ਾਰਾਂ ਤੋਂ ਲੈ ਕੇ ਹਾਈਵੇ ਤੱਕ ਬੰਦ, ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ..

In protest against the Manipur incident, Punjab has called for a bandh today, from the markets to the highways, only emergency services are open.

ਚੰਡੀਗੜ੍ਹ : ਪਿਛਲੇ ਕੁਝ ਮਹੀਨਿਆਂ ਤੋਂ ਮਨੀਪੁਰ ’ਚ ਈਸਾਈ ਭਾਈਚਾਰੇ ਦੇ ਲੋਕਾਂ ’ਤੇ ਅਤਿਆਚਾਰ ਤੇ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਇਸ ਨਾਲ ਪੂਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਰੋਸ ਵਜੋਂ ਪੰਜਾਬ ’ਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਜਿਸ ਤਹਿਤ ਵੱਖੋ-ਵੱਖ ਜਗ੍ਹਾ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਮਨੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਾਲਮੀਕੀ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ’ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਨੀਪੁਰ ਵਿੱਚ ਦਲਿਤ ਔਰਤਾਂ ’ਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਹ ਸ਼ਰਮਨਾਕ ਹੈ ਕਿ ਸਰਕਾਰ ਦੀ ਨਾਕਾਮੀ ਤੋਂ ਬਾਅਦ ਸੁਪਰੀਮ ਕੋਰਟ ਨੂੰ ਖ਼ੁਦ ਨੋਟਿਸ ਲੈਣਾ ਪਿਆ।

ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੁੱਲੜਬਾਜ਼ੀ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ ‘ਤੇ ਕਹਿਣਾ ਹੈ ਕਿ ਬਾਜ਼ਾਰ ਤੋਂ ਲੈ ਕੇ ਹਾਈਵੇਅ ਤੱਕ ਬੰਦ ਰਹਿਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਬਿਲਕੁਲ ਵੀ ਰੋਕਿਆ ਨਹੀਂ ਜਾਵੇਗਾ।

ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਹਿੰਸਾ ਖ਼ਿਲਾਫ਼ ਉਹ ਪਿਛਲੇ ਕਈ ਦਿਨਾਂ ਤੋਂ ਸਾਂਝੇ ਤੌਰ ’ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। ਦਿੱਤੇ ਬੰਦ ਦੇ ਸੱਦੇ ਵਿੱਚ ਵੀ ਉਹ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨਗੇ। ਇਸਾਈ ਭਾਈਚਾਰੇ ਦੇ ਲੋਕ ਹੱਥਾਂ ਵਿਚ ਪਵਿੱਤਰ ਗ੍ਰੰਥ ਬਾਈਬਲ ਲੈ ਕੇ ਸੜਕਾਂ ‘ਤੇ ਆਪਣੇ ਗ਼ੁੱਸੇ ਦਾ ਪ੍ਰਦਰਸ਼ਨ ਕਰਨਗੇ। ਧਰਨੇ ਵਿੱਚ ਵੀ ਉਹ ਬਾਈਬਲ ਲੈ ਕੇ ਹੀ ਬੈਠਣਗੇ।

ਪੰਜਾਬ ਬੰਦ ਦੇ ਅਰਸੇ ਤੋਂ ਬਾਅਦ ਸਾਰੇ ਨਿੱਜੀ ਵਿੱਦਿਅਕ ਅਦਾਰਿਆਂ ਨੇ ਵੀ ਆਪਣੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਸਰਕਾਰੀ ਵਿੱਦਿਅਕ-ਸਿਖਲਾਈ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲ੍ਹਣਗੇ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਦੇਰ ਸ਼ਾਮ ਤੋਂ ਹੀ ਉਨ੍ਹਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਏ ਵੱਟਸਐਪ ਗਰੁੱਪ ਵਿੱਚ ਪੰਜਾਬ ਬੰਦ ਕਾਰਨ ਅਦਾਰੇ ਬੰਦ ਰੱਖਣ ਲਈ ਸੁਨੇਹੇ ਪਾਉਣੇ ਸ਼ੁਰੂ ਕਰ ਦਿੱਤੇ ਸਨ।

ਬਹੁਜਨ ਸਮਾਜ ਪਾਰਟੀ ਵੱਲੋਂ ਵੀ ਇਸ ਬੰਦ ਦਾ ਸਮਰਥਨ ਕੀਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਦੇ ਰਾਜ ਵਿੱਚ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਨੂੰ ਇਨਸਾਫ਼ ਨਹੀਂ ਦਿੱਤੀ ਜਾ ਰਿਹਾ। ਬਸਪਾ ਅੱਜ ਪੰਜਾਬ ਬੰਦ ਦਾ ਪੂਰਾ ਸਮਰਥਨ ਕਰਦੀ ਹੈ।