ਬੀਤੇ ਦਿਨੀਂ ਮੈਕਸੀਕੋ ਵਿੱਚ ਇੱਕ ਬੱਸ ਦੇ 131 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਕਈ ਭਾਰਤੀ ਨਾਗਰਿਕ ਵੀ ਸਵਾਰ ਸਨ। ਇਸੇ ਦੌਰਾਨ ਇਸ ਦਰਦਨਾਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਭਾਰਤੀ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ।
ਪਿੰਡ ਬਾਗੜੀਆਂ ਦੇ ਨੌਜਵਾਨ ਦੀ ਮੈਕਸੀਕੋ ਦੇ ਬਾਰਡਰ ਉੱਤੇ ਬੱਸ ਪਲਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿੰਡ ਬਾਗੜੀਆਂ ਦੇ ਸਾਬਕਾ ਚੇਅਰਮੈਨ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਅਮਰੀਕਾ ਵਿੱਚ ਰੁਜ਼ਗਾਰ ਲਈ ਮੈਕਸੀਕੋ ਸਰਹੱਦ ’ਤੇ ਬੱਸ ਰਾਹੀਂ ਜਾ ਰਿਹਾ ਸੀ। ਇਸ ਦੌਰਾਨ ਬੱਸ ਹਾਦਸਾਗ੍ਰਸਤ ਹੋ ਗਈ ਤੇ ਬਾਕੀ ਸਵਾਰੀਆਂ ਸਣੇ ਗੁਰਪਾਲ ਦੀ ਵੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜਦੋਂ ਉਹ ਬੱਸ ਵਿੱਚ ਜਾ ਰਿਹਾ ਸੀ ਤਾਂ ਆਪਣੀ ਭੈਣ ਨਾਲ ਫ਼ੋਨ ਉੱਤੇ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਉਸ ਦੀਆਂ ਚੀਕਾਂ ਸੁਣਾਈ ਦਿੱਤੀਆਂ ਤੇ ਮਗਰੋਂ ਫ਼ੋਨ ਬੰਦ ਹੋ ਗਿਆ। ਮ੍ਰਿਤਕ ਨੌਜਵਾਨ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਪਾਲ ਦੀ ਮੌਤ ਸਬੰਧੀ ਖ਼ਬਰ ਮੀਡੀਆ ਉੱਤੇ ਚੱਲ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਮੈਕਸੀਕੋ ਵਿੱਚ ਇੱਕ ਬੱਸ ਦੇ 131 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਵੀਰਵਾਰ ਨੂੰ ਨਾਇਰਿਤ ‘ਚ ਵਾਪਰੀ ਸੀ । ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬੱਸ ਵਿੱਚ ਕੁੱਲ 42 ਯਾਤਰੀ ਸਵਾਰ ਸਨ। ਬੱਸ ਵਿੱਚ ਭਾਰਤ ਅਤੇ ਅਫ਼ਰੀਕੀ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਸੀ ਕਿ ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ ਅਤੇ ਉਨ੍ਹਾਂ ‘ਚੋਂ ਕੁਝ ਅਮਰੀਕੀ ਸਰਹੱਦ ਵੱਲ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਸੂਬੇ ਦੀ ਰਾਜਧਾਨੀ ਟੇਪਿਕ ਨੇੜੇ ਵਾਪਰਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬੱਸ ਮੈਕਸੀਕੋ ਸਿਟੀ ਤੋਂ ਰਵਾਨਾ ਹੋਈ ਸੀ ਅਤੇ ਸਰਹੱਦੀ ਸ਼ਹਿਰ ਟਿਜੁਆਨਾ ਵੱਲ ਜਾ ਰਹੀ ਸੀ। ਨਾਇਰਿਤ ਰਾਜ ਸਰਕਾਰ ਨੇ ਕਿਹਾ ਸੀ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਉਹ ਸੜਕ ਦੇ ਇੱਕ ਮੋੜ ‘ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।