ਪਟਿਆਲਾ / ਲਹਿਰਾਗਾਗਾ : ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆ ਜਾਂਦੀ ਹੈ। ਅਜਿਹੇ ਦੋ ਮਾਮਲੇ ਪਟਿਆਲਾ ਅਤੇ ਲਹਿਰਾਗਾਗਾ ਤੋਂ ਸਾਹਮਣੇ ਆਏ ਹਨ ਜਿੱਥੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ।
ਚਕੌਤੇ ’ਤੇ ਲੈ ਕੇ ਲਾਇਆ ਝੋਨਾ ਹੜ੍ਹ ਵਿਚ ਮਾਰੇ ਜਾਣ ਅਤੇ ਲੱਖਾਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਸੇਲਵਾਲਾ ਦੇ ਫਾਹਾ ਲੈਣ ਵਾਲੇ ਕਿਸਾਨ ਦੀ ਅੱਜ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਉਸ ਨੇ ਸ਼ੁੱਕਰਵਾਰ ਨੂੰ ਪੱਖੇ ਨਾਲ ਫਾਹਾ ਲੈ ਲਿਆ ਸੀ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਟਰੱਕ ਡਰਾਈਵਰੀ ਕਰਦਾ ਹੈ।
ਉਸ ਦੇ ਪੁੱਤਰ ਪਰਵਿੰਦਰ ਸਿੰਘ ਨੇ 16 ਏਕੜ ਜ਼ਮੀਨ ਚਕੌਤੇ ’ਤੇ ਲੈ ਕੇ ਝੋਨਾ ਤੇ ਹੋਰ ਫ਼ਸਲਾਂ ਬੀਜੀਆਂ ਸਨ। ਹੜ੍ਹ ਨਾਲ ਉਸ ਦੀ ਸਾਰੀਆਂ ਫ਼ਸਲਾਂ ਮਰ ਗਈਆਂ। ਚਕੌਤੇ ਦੀ ਰਕਮ ਅਦਾ ਕਰਨ ਲਈ ਉਸ ਨੇ ਆੜ੍ਹਤੀ ਅਤੇ ਰਿਸ਼ਤੇਦਾਰਾਂ ਤੋਂ 8 ਲੱਖ ਰੁਪਏ ਲੈ ਕੇ ਦਿੱਤੇ ਸਨ। ਦੋਬਾਰਾ ਝੋਨਾ ਲਾਉਣ ਲਈ ਉਸ ਕੋਲ ਪੈਸਾ ਨਹੀਂ ਸੀ। ਲੋਕਾਂ ਕੋਲੋਂ ਕੋਈ ਸਹਾਇਤਾ ਨਾ ਮਿਲਣ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ।
ਫ਼ਸਲ ਖਰਾਬ ਹੋਣ ਤੋਂ ਪ੍ਰੇਸ਼ਾਨ ਕਿਸਾਨ ਦੀ ਮੌਤ
ਇੱਕ ਹੋਰ ਕੇਸ ਵਿੱਚ ਚਾਰ ਦਿਨ ਪਹਿਲਾਂ ਉਸ ਨੇ ਘਰ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਇਲਾਜ ਲਈ ਉਸ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਮਗਰੋਂ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਬੀਤੇ ਦਿਨ ਮੌਤ ਹੋ ਗਈ ਹੈ। ਥਾਣਾ ਪਾਤੜਾਂ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦਬਰ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਭੈਣ ਨਵਦੀਪ ਕੌਰ ਨੇ ਕਿਹਾ ਕਿ ਉਸ ਦੇ ਭਰਾ ਦੀ ਮਾਰੀ ਗਈ ਫ਼ਸਲ ਦੀ ਅਜੇ ਤੱਕ ਤਾਂ ਕੋਈ ਵੀ ਗਿਰਦਾਵਰੀ ਤੱਕ ਕਰਨ ਨਹੀਂ ਆਇਆ।
ਦੂਜੇ ਪਾਸੇ ਲਹਿਰਾਗਾਗਾ ਦੇ ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਕਰਜ਼ੇ ਤੋਂ ਤੰਗ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਸੁਖਪਾਲ ਸਿੰਘ (28) ਪੁੱਤਰ ਕਰਨੈਲ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੇ ਸਿਰ ’ਤੇ ਕਾਫੀ ਜ਼ਿਆਦਾ ਕਰਜ਼ਾ ਸੀ ਜਿਸ ਕਾਰਨ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਟੋਹਾਣਾ (ਹਰਿਆਣਾ) ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਸੰਦੀਪ ਕੌਰ ਅਤੇ ਪੁੱਤਰ ਕਰਨਪ੍ਰੀਤ ਸਿੰਘ (7) ਛੱਡ ਗਿਆ। ਥਾਣੇਦਾਰ ਹਰਬੰਸ ਸਿੰਘ ਨੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ।