ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਅਹਿਮ ਮੁੱਦਿਆਂ ਉੱਤੇ ਗੱਲ ਕੀਤੀ। ਜਗਦੀਸ਼ ਟਾਈਟਲਰ ਮਾਮਲੇ ਵਿੱਚ ਧਾਮੀ ਨੇ ਐਲਾਨ ਕੀਤਾ ਹੈ ਕਿ ਇਸ ਕੇਸ ਦੀ ਮੁੱਖ ਗਵਾਹ (Eye Witness) ਲਖਵਿੰਦਰ ਕੌਰ ਨੂੰ ਅਸੀਂ Incentive ਵੀ ਦੇਵਾਂਗੇ ਅਤੇ ਉਸਦੇ ਕੇਸ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਹਾਈਕੋਰਟ ਵਿੱਚ ਕਰੇਗੀ।
ਸ਼੍ਰੀ ਹਜ਼ੂਰ ਸਾਹਿਬ ਵਿਖੇ ਵਾਪਰੀ ਤਾਜ਼ਾ ਘਟਨਾ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਕਿ ਇੱਕ ਗੈਰ ਸਿੱਖ ਨੂੰ ਉੱਥੋਂ ਦਾ ਪ੍ਰਬੰਧਕ ਲਾਉਣਾ ਮੰਦਭਾਗਾ ਹੈ। ਮਹਾਰਾਸ਼ਟਰ ਸਰਕਾਰ ਨੇ ਸਿੱਖ ਮਸਲਿਆਂ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਕੀਤੀ ਹੈ, ਇਸ ਲਈ ਅਸੀਂ ਉੱਥੋਂ ਦੀ ਸਰਕਾਰ ਨੂੰ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਧਾਮੀ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉੱਤੇ ਸ਼ਾਇਦ ਕੰਮ ਹੀ ਏਨਾ ਜ਼ਿਆਦਾ ਹੈ ਕਿ ਉਹ ਬੋਲ ਹੀ ਨਹੀਂ ਸਕੇ, ਜਿੱਥੇ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ। ਮਨੀਪੁਰ, ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀਆਂ ਦੇ ਨਾਲ ਧੱਕਾ ਹੋਇਆ ਹੈ ਪਰ ਉੱਥੇ ਕੋਈ ਸਾਰ ਨਹੀਂ ਲਈ।
ਧਾਮੀ ਨੇ ਲਾਲਪੁਰਾ ਨੂੰ ਲੈ ਕੇ ਬੀਜੇਪੀ ਨੂੰ ਨਸੀਹਤ ਦਿੱਤੀ ਕਿ ਇਹ ਮਨੁੱਖ ਸਿੱਖਾਂ ਨੂੰ ਤੁਹਾਡੇ ਤੋਂ ਬਹੁਤ ਦੂਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਵੀ ਇਸ ਮਨੁੱਖ (ਲਾਲਪੁਰਾ) ਬਾਰੇ ਸੋਚਣਾ ਚਾਹੀਦਾ ਹੈ।
ਧਾਮੀ ਨੇ ਸਾਰਿਆਂ ਨੂੰ ਤਾੜਨਾ ਭਰੇ ਲਹਿਜ਼ੇ ਵਿੱਚ ਪੁੱਛਿਆ ਕਿ ਅੱਜ ਹਰ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਲੇ ਕਿਉਂ ਹੋਏ ਪਏ ਹਨ। ਧਾਮੀ ਨੇ ਕਿਹਾ ਕਿ ਜੇ ਸਾਡਾ ਕੋਈ ਮੁਲਾਜ਼ਮ ਠੱਗੀ ਠੋਰੀ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਚਾਹੇ ਤੁਸੀਂ ਇਸਦੀ ਪੜਤਾਲ ਕਢਵਾ ਕੇ ਵੇਖ ਸਕਦੇ ਹੋ। ਧਾਮੀ ਨੇ ਕਿਹਾ ਕਿ ਜਿੰਨਾ ਸੰਘਰਸ਼ ਮੈਂ ਕੀਤਾ ਹੈ, ਉਹ ਮੇਰੇ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਪੜ ਲਇਓ। SGPC ਨੂੰ ਅੱਜ ਬਹੁਤ ਜ਼ਿਆਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।