Punjab

ਪਿਤਾ ASI ਦੇ ਸਰਕਾਰੀ ਕੁਆਟਰ ਜਦੋਂ ਪੁੱਤ ਪਹੁੰਚਿਆ ਤਾਂ ਉੱਡ ਗਏ ਹੋਸ਼ !

ਬਿਉਰੋ ਰਿਪੋਰਟ :  ਮੁਕਤਸਰ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਮਜਬੂਰ ਹੋਣ ਵਾਲੇ ਥਾਣੇਦਾਰ ਗੁਰਪਾਲ ਸਿੰਘ ਦੀ ਮੌਤ ਨੂੰ ਲੈ ਕੇ ਪੁੱਤਰ ਲਵਪ੍ਰੀਤ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪੁੱਤਰ ਨੇ ਦੱਸਿਆ ਹੈ ਕਿ ਮੌਤ ਤੋਂ ਬਾਅਦ ਪਿਤਾ ਦੀ ਜੇਬ ਤੋਂ ਜੋ ਚਿੱਠੀ ਮਿਲੀ ਸੀ ਉਸ ਵਿੱਚ ਉਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਮੁਲਾਜ਼ਮ ਦੇ ਖ਼ਿਲਾਫ਼ FIR ਦਰਜ ਕਰ ਲਈ ਹੈ। ਪੁੱਤਰ ਨੇ ਦੱਸਿਆ ਉਸ ਦੇ ਪਿਤਾ ਲੰਬੀ ਵਿੱਚ ਮਾਲਖ਼ਾਨਾ ਦੇ ਬਤੌਰ ਕੇਅਰ ਟੇਕਰ ਸਨ।

ਪੁੱਤਰ ਲਵਪ੍ਰੀਤ ਨੇ ਦੱਸਿਆ ਕਿ 6 ਅਗਸਤ ਨੂੰ ਪਿਤਾ ਗੁਰਪਾਲ ਸਿੰਘ ਆਪਣੀ ਡਿਊਟੀ ‘ਤੇ ਥਾਣਾ ਲੰਬੀ ਆਏ ਹੋਏ ਸਨ ਅਤੇ ਤਕਰੀਬਨ ਸ਼ਾਮ 5 :40 ਵਜੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿਤਾ ਗੁਰਪਾਲ ਸਿੰਘ ਨੇ ਲੰਬੀ ਥਾਣੇ ਦੇ ਆਪਣੇ ਕੁਆਟਰ ਵਿੱਚ ਪੱਖੇ ਨਾਲ ਜ਼ਿੰਦਗੀ ਖ਼ਤਮ ਕਰ ਲਈ । ਜਿਸ ਦੇ ਬਾਅਦ ਉਹ ਆਪਣੇ ਚਾਚਾ ਜਗਦੀਸ਼ ਸਿੰਘ ਨਾਲ ਥਾਣਾ ਲੰਬੀ ਪਹੁੰਚੇ ਅਤੇ ਥਾਣੇਦਾਰ ਸਵਰਨ ਸਿੰਘ ਦੇ ਨਾਲ ਆਪਣੇ ਪਿਤਾ ਦੇ ਕੁਆਟਰ ਪਹੁੰਚੇ । ਜਿੱਥੇ ਪਿਤਾ ਦੀ ਮੌਤ ਹੋ ਚੁੱਕੀ ਸੀ।

ਮਾਲਖ਼ਾਨੇ ਵਿੱਚ ਰੱਖੇ ਲੱਖਾਂ ਰੁਪਏ ਚੋਰੀ ਹੋਏ

ਪੁੱਤਰ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਗੁਰਪਾਲ ਸਿੰਘ ਦੇ ਕੱਪੜੇ ਚੈੱਕ ਕੀਤੇ ਤਾਂ ਪੈਂਟ ਦੀ ਜੇਬ ਵਿੱਚੋਂ ਇੱਕ ਚਿੱਠੀ ਨਿਕਲੀ । ਜਿਸ ਵਿੱਚ ਲਿਖਿਆ ਸੀ ਕਿ ਮੇਰੇ ਪਿਤਾ ਦੇ ਕੋਲ PHG ਗੁਰਜੰਟ ਸਿੰਘ ਥਾਣਾ ਲੰਮੀ ਵਿੱਚ ਬਤੌਰ ਸਹਾਇਕ ਮਾਲਖ਼ਾਨਾ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਸੀ । ਉਸ ਨੇ ਮਾਲਖ਼ਾਨੇ ਤੋਂ ਲੱਖਾਂ ਰੁਪਏ ਚੋਰੀ ਕੀਤੀ ਸੀ । ਉਸ ਤੋਂ ਵਾਰ-ਵਾਰ ਪੈਸੇ ਮੰਗਣ ਦੇ ਬਾਵਜੂਦ ਉਹ ਵਾਪਸ ਨਹੀਂ ਕਰ ਰਿਹਾ ਸੀ । PHG ਗੁਰਜੰਟ ਸਿੰਘ ਇਹ ਪੈਸਾ ਨਿੱਜੀ ਕੰਮਾਂ ਦੇ ਲਈ ਵਰਤਦਾ ਸੀ । ਜਿਸ ਦੇ ਕਾਰਨ ਉਸ ਦੇ ਪਿਤਾ ਕਾਫ਼ੀ ਤਣਾਅ ਵਿੱਚ ਸਨ । ਜਿਸ ਨੇ ਗੁਰਜੰਟ ਸਿੰਘ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਮਜਬੂਰ ਕੀਤਾ ।

ਪੁਲਿਸ ਨੇ PHG ਦੇ ਖ਼ਿਲਾਫ਼ ਦਰਜ ਕੀਤੀ FIR

ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ‘ਤੇ PHG ਗੁਰਜੰਟ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗੁਰਪਾਲ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਹੀ ਮਾਲਖ਼ਾਨੇ ਵਿੱਚ ਚੋਰੀ ਕਰਕੇ ਧੋਖੇਬਾਜ਼ੀ ਕੀਤੀ। ਪਿਤਾ ‘ਤੇ ਇਸ ਦਾ ਇਲਜ਼ਾਮ ਆ ਰਿਹਾ ਸੀ ਇਸ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਲਿਆ।