ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ “ਬੰਦੀ ਸਿੰਘ” ਭਾਈ ਗੁਰਦੀਪ ਸਿੰਘ ਖੈੜਾ ਜੀ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ ਹੈ। ਸੁਖਬੀਰ ਬਾਦਲ ਨੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦਾ ਹਾਲ-ਚਾਲ ਜਾਣਿਆ। ਸੁਖਬੀਰ ਬਾਦਲ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼੍ਰੀ ਹਜ਼ੂਰ ਸਾਹਿਬ ਵਿਖੇ ਗੈਰ ਸਿੱਖ ਨੂੰ ਪ੍ਰਬੰਧਕ ਲਾਉਣ ਦੇ ਫੈਸਲੇ ਨੂੰ ਤਰੁੰਤ ਵਾਪਸ ਲਿਆ ਜਾਵੇ। ਇਸਦੀ ਜਾਣਕਾਰੀ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ।
ਭਾਈ ਗੁਰਦੀਪ ਸਿੰਘ ਖੇੜਾ ਨਾਲ ਮੁਲਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਭੁਗਤਦੇ ਹੋਏ 34 ਸਾਲ ਹੋ ਗਏ ਹਨ ਪਰ ਅਜੇ ਤੱਕ ਇਨ੍ਹਾਂ ਨੂੰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਹੋਰਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਵਾਇਆ ਪਰ ਸਰਕਾਰਾਂ ਇਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ ਹਨ।
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਕਿਹਾ ਪਰਸੋਂ ਰਾਤ ਅਚਾਨਕ ਦਿਲ ਦਾ ਦਰਦ ਹੋਣ ਕਰਕੇ ਇੱਥੇ ਭਰਤੀ ਹੋਏ ਸੀ। ਸੁਖਬੀਰ ਬਾਦਲ ਹਾਲ ਪੁੱਛਣ ਪਹੁੰਚੇ ਸੀ। ਉਨ੍ਹਾਂ ਨੇ ਮੁਸ਼ਕਲਾਂ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਇੱਥੇ ਇਲਾਜ ਠੀਕ ਹੋ ਰਿਹਾ ਹੈ। ਕਾਨੂੰਨਨ ਆਪਣੀ ਬਣਦੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਭਾਈ ਸਾਹਿਬ 33 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ ਪਰ ਦਿਲ ਦੀ ਤਕਲੀਫ਼ ਹੋਣ ਕਰਕੇ ਪਿਛਲੇ ਕੁਝ ਸਮੇਂ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
2015 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਨਿੱਜੀ ਤੌਰ ‘ਤੇ ਯਤਨ ਕਰਕੇ ਭਾਈ ਸਾਹਿਬ ਨੂੰ ਕਰਨਾਟਕਾ ਦੀ ਗੁਲਬਰਗਾ ਜੇਲ੍ਹ ਵਿੱਚੋਂ ਪੰਜਾਬ ਵਿੱਚ ਲਿਆਂਦਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਜਰਨਲ ਵਾਰਡ ਵਿੱਚ ਦਾਖ਼ਲ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਦੇਖ ਕੇ ਖੁਸ਼ੀ ਹੋਈ। ਪਰ ਗ਼ਲਬਾਤ ਦੌਰਾਨ ਪਤਾ ਲੱਗਾ ਕਿ ਹਸਪਤਾਲ ਦੇ ਮੌਜੂਦਾ ਵਾਰਡ ਵਿੱਚ ਉਨ੍ਹਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਹਸਪਤਾਲ ਪ੍ਰਸਾਸ਼ਨ ਨੂੰ ਗੁਰਦੀਪ ਸਿੰਘ ਖੇੜਾ ਨੂੰ ਕਿਸੇ ਹੋਰ ਵਾਰਡ ਵਿੱਚ ਤਬਦੀਲ ਕਰਨ ਲਈ ਕਿਹਾ ਹੈ।
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲਈ ਬੰਦੀ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।