ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਜ਼ਿਆਦਾਤਰ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਆਪਣਾ ਉੱਜਵਲ ਭਵਿੱਖ ਬਣਾਉਣ ਲਈ ਜਾਂਦੇ ਹਨ ਪਰ ਉੱਥੇ ਉਨ੍ਹਾਂ ਨਾਲ ਕਈ ਵਾਰ ਅਜਿਹਾ ਭਾਣਾ ਵਰਤ ਜਾਂਦਾ ਹੈ ਕਿ ਉਨ੍ਹਾਂ ਦੇ ਸੁਪਨੇ ਟੁੱਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਬਲਾਚੌਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਅਮਰੀਕਾ ਦੇ ਸ਼ਹਿਰ ਬਲੇਜੋ ਵਿਚ ਰਹਿੰਦਾ ਸੀ। ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਵੀ ਖ਼ਬਰ ਹੈ ਕਿ ਹਰਪ੍ਰੀਤ ਇਸੇ ਸਾਲ 25 ਜੂਨ ਨੂੰ ਛੁੱਟੀ ਲੈ ਕੇ ਵਾਪਸ ਅਮਰੀਕਾ ਗਿਆ ਸੀ ਪਰ ਅੱਜ ਅਚਾਨਕ ਉਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਉਹ ਆਪਣੇ ਪਿੱਛੇ ਪਤਨੀ ਅਤੇ ਪਰਿਵਾਰ ਛੱਡ ਗਿਆ ਹੈ। ਉਸ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਨਾਲ ਪਿੰਡ ਵਾਸੀਆਂ ਤੇ ਮੁਹਤਬਰਾਂ ਨੇ ਦੁੱਖ ਸਾਂਝਾ ਕੀਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ ਤੇ ਹੁਣ ਪਿਛਲੇ ਅੱਠ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਹਰਪ੍ਰੀਤ ਦਾ ਸਸਕਾਰ 8 ਅਗਸਤ ਨੂੰ ਹੋਵੇਗਾ।