ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੱਚਿਆਂ ਦੀ ਲੜਾਈ ਵਿੱਚ ਵੱਡੇ ਆਪਸ ਵਿੱਚ ਝਗੜ ਪਏ ਜਿਸ ਤੋਂ ਬਾਅਦ ਦੋਵੇਂ ਧੜਿਆਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਈ ਹੋਈ। ਇਸ ਵਿੱਚ ਦੋਵੇਂ ਧਿਰਾਂ ਦੇ 10 ਤੋਂ 12 ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਲੜਾਈ ਦੌਰਾਨ ਇਲਾਕੇ ਵਿੱਚ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ।
ਇੱਕ ਪੱਖ ਦੇ ਰਜਿੰਦਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇਲਾਕੇ ਵਿੱਚ ਕੁਝ ਬੱਚੇ ਆਪਸ ਵਿੱਚ ਲੜ ਰਹੇ ਸਨ। ਉਹ ਉਨ੍ਹਾਂ ਬੱਚਿਆਂ ਦੀ ਲੜਾਈ ਨੂੰ ਰੋਕਣ ਲਈ ਗਿਆ ਸੀ ਪਰ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਗ਼ਲਤ ਸਮਝ ਲਿਆ। ਲੜ ਰਹੇ ਬੱਚਿਆਂ ਵਿੱਚੋਂ ਇੱਕ ਦੇ ਪਰਿਵਾਰ ਦੀ ਇੱਕ ਔਰਤ ਨੇ ਲੜਾਈ ਦੀ ਟੈਨਸ਼ਨ ਲੈ ਲਈਂ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਦੁਸ਼ਮਣੀ ਕਾਰਨ ਉਕਤ ਵਿਅਕਤੀਆਂ ਨੇ ਐਤਵਾਰ ਨੂੰ ਕੁਝ ਨੌਜਵਾਨਾਂ ਨੂੰ ਇਲਾਕੇ ‘ਚ ਬੁਲਾ ਕੇ ਕਾਫੀ ਹੰਗਾਮਾ ਕੀਤਾ।
ਰਜਿੰਦਰ ਅਨੁਸਾਰ 35 ਤੋਂ 40 ਲੋਕ ਕਾਰਾਂ ਵਿੱਚ ਉਸ ਦੇ ਮੁਹੱਲੇ ਵਿੱਚ ਦਾਖਲ ਹੋਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੀ ਅਗਵਾਈ ਪ੍ਰਿੰਕਲ ਨਾਂ ਦਾ ਨੌਜਵਾਨ ਕਰ ਰਿਹਾ ਸੀ। ਉਨ੍ਹਾਂ ਦੇ ਨਾਲ ਇਕ ਸੁਰੱਖਿਆ ਕਰਮਚਾਰੀ ਵੀ ਮੌਜੂਦ ਸੀ। ਨੌਜਵਾਨਾਂ ਵੱਲੋਂ ਕੀਤੀ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਰਜਿੰਦਰ ਅਨੁਸਾਰ ਉਸ ਦੇ ਪਰਿਵਾਰਕ ਮੈਂਬਰ ਜਸਪ੍ਰੀਤ ਸਿੰਘ, ਸੰਦੀਪ ਸਿੰਘ, ਜਸ਼ਨਦੀਪ, ਗੁਰਵਿੰਦਰ ਸਿੰਘ ਅਤੇ ਚਰਨਜੀਤ ਕੌਰ ਜ਼ਖ਼ਮੀ ਹੋਏ ਹਨ।
ਉਸ ਨੇ ਘਰ ਦੀਆਂ ਛੱਤਾਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਈ।ਦੂਜੇ ਪੱਖ ਦੇ ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਇਸ਼ਪ੍ਰੀਤ ਸਿੰਘ, ਚਰਨਜੀਤ ਸੇਠੀ, ਪਾਰਸ ਅਤੇ ਅਰੁਣ ਜ਼ਖ਼ਮੀ ਹਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਰੀਬ 10 ਤੋਂ 15 ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਉਹ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਉਸ ਨੇ ਇਲਾਕਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮਾਮਲੇ ‘ਚ ਐਤਵਾਰ ਨੂੰ ਥਾਣੇ ‘ਚ ਸੁਣਵਾਈ ਹੋਈ। ਇਸ ਦੌਰਾਨ ਗੁਆਂਢੀਆਂ ਨੇ ਫਿਰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੋਵਾਂ ਪਾਸਿਆਂ ਤੋਂ ਸ਼ਿਕਾਇਤਾਂ ਲੈ ਕੇ ਜਾਂਚ ਕਰ ਰਹੀ ਹੈ।