ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਦੀ ਅਦਾਲਤ ਵਲੋਂ ਤੋਸ਼ਾਖਾਨਾ ਮਾਮਲੇ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਇਮਰਾਨ ਖਾਨ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਉਸ ਨੂੰ 6 ਮਹੀਨੇ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਨੇ ਜਾਣਬੁੱਝ ਕੇ ਫਰਜ਼ੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 3 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਇਮਰਾਨ ਖਾਨ ਅਗਲੇ 5 ਸਾਲਾਂ ਤੱਕ ਚੋਣ ਨਹੀਂ ਲੜ ਸਕਣਗੇ।
ਜਾਣਕਾਰੀ ਮੁਤਾਬਕ ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਸ਼ਨੀਵਾਰ ਨੂੰ ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਮੁਖੀ ਇਮਰਾਨ ‘ਤੇ ਲਗਾਏ ਗਏ ਦੋਸ਼ਾਂ ਨੂੰ ਸੱਚ ਪਾਇਆ। ਇਸ ਤਰ੍ਹਾਂ ਅਦਾਲਤ ਨੇ ਇਮਰਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਦੇ ਨਾਲ ਹੀ ਇਮਰਾਨ ਖਾਨ ਅਗਲੇ 5 ਸਾਲਾਂ ਲਈ ਚੋਣ ਲੜਨ ਤੋਂ ਅਯੋਗ ਹੋ ਗਏ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪੰਜਾਬ ਨੇ ਪੁਸ਼ਟੀ ਕੀਤੀ ਹੈ ਕਿ ਇਮਰਾਨ ਖ਼ਾਨ ਨੂੰ ਕੋਟ ਲਖਪਤ ਜੇਲ੍ਹ ਲਿਜਾਇਆ ਜਾ ਰਿਹਾ ਹੈ। ਇਸ ਮਾਮਲੇ ‘ਚ ਇਮਰਾਨ ਖਾਨ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੱਤਾ ‘ਚ ਰਹਿੰਦਿਆਂ ਸਰਕਾਰੀ ਸਟੋਰਾਂ (ਤੋਸ਼ਾਖਾਨਾ) ਤੋਂ ਲਏ ਮਹਿੰਗੇ ਤੋਹਫੇ ਵੇਚ ਕੇ ਮੁਨਾਫਾ ਕਮਾਇਆ।
ਇਹ ਮਾਮਲਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੀ ਸ਼ਿਕਾਇਤ ‘ਤੇ ਪਿਛਲੇ ਸਾਲ ਦਾਇਰ ਕੀਤਾ ਗਿਆ ਸੀ। ਤੋਸ਼ਾਖਾਨਾ ਕੈਬਨਿਟ ਡਿਵੀਜ਼ਨ ਦੇ ਅਧੀਨ ਇੱਕ ਵਿਭਾਗ ਹੈ, ਜਿੱਥੇ ਸ਼ਾਸਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੇ ਹੋਰ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਵੱਲੋਂ ਦਿੱਤੇ ਤੋਹਫ਼ੇ ਰੱਖੇ ਜਾਂਦੇ ਹਨ। ਇਮਰਾਨ ਖਾਨ ਨੇ ਤੋਸ਼ਾਖਾਨੇ ਤੋਂ ਮਹਿੰਗੀ ਘੜੀ ਸਮੇਤ ਕੁਝ ਤੋਹਫੇ ਖਰੀਦੇ ਅਤੇ ਮੁਨਾਫਾ ਕਮਾਉਣ ਲਈ ਵੇਚ ਦਿੱਤੇ ਸੀ।
ਇਸ ਤੋਂ ਪਹਿਲਾਂ ਇਮਰਾਨ ਖਾਨ ਨੂੰ ਵੀ 9 ਮਈ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਪਾਕਿਸਤਾਨ ‘ਚ ਕਾਫੀ ਹਿੰਸਾ ਹੋਈ ਸੀ ਅਤੇ ਮਹੱਤਵਪੂਰਨ ਫੌਜੀ ਟਿਕਾਣਿਆਂ ‘ਤੇ ਵੀ ਹਮਲੇ ਹੋਏ ਸਨ। ਇਸ ਤੋਂ ਬਾਅਦ ਅਗਲੇ ਦਿਨ ਇਮਰਾਨ ਖਾਨ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਹਿੰਸਾ ਨੂੰ ਲੈ ਕੇ ਹਜ਼ਾਰਾਂ ਪੀਟੀਆਈ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।