Punjab

ਪੰਜਾਬ ਦੇ ਸਟੇਸ਼ਨਾਂ ਦਾ ਸੁੰਦਰੀਕਰਨ ਜਾਂ ਧਾਰਮੀਕਰਨ ? ਪਹਿਲਾਂ ਭਾਸ਼ਾ ਗਾਇਬ,ਹੁਣ ਵਿਰਸਾ !

ਬਿਉਰੋ ਰਿਪੋਰਟ : ਮਾਨਸਾ ਰੇਲਵੇ ਸਟੇਸ਼ਨ ‘ਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਨਾ ਲੱਗੇ ਹੋਣ ‘ਤੇ ਸੋਸ਼ਲ ਮੀਡੀਆ ‘ਤੇ ਸਰਕਾਰ ਨੂੰ ਸਵਾਲ ਪੁੱਛੇ ਜਾ ਰਹੇ ਹਨ । ਇਸ ਮਾਮਲੇ ਵਿੱਚ ਪੰਜਾਬ ਦੀ ਸਭਿਆਚਾਰਕ ਮੰਤਰੀ ਨੂੰ ਤੰਜ ਕੱਸ ਦੇ ਹੋਏ ਨਸੀਅਤ ਦਿੱਤੀ ਜਾ ਰਹੀ ਹੈ । ਕਿਸਾਨੀ ਅੰਦੋਲਨ ਵੇਲੇ ਹੋਂਦ ਵਿੱਚ ਆਇਆ ਟਵਿੱਟਰ ਅਕਾਊਂਟ ਟਰੈਕਟਰ ਟੂ ਟਵਿੱਟਰ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਨਾਂ ਇੱਕ ਟਵੀਟ ਕਰਕੇ ਕਿਹਾ ਹੈ ਕਿ ‘ਤੁਸੀਂ ਆਖ਼ਰੀ ਵਾਰ ਮਾਨਸਾ ਰੇਲਵੇ ਸਟੇਸ਼ਨ ਪਤਾ ਨਹੀਂ ਕਦੋਂ ਗਏ ਹੋਵੋਂਗੇ ਪਰ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦਾ ਨਾਮੋ ਨਿਸ਼ਾਨ ਮਿਟਣ ਤੋਂ ਰੋਕੋ। ਇਹ ਬਹੁਤ ਨਿੰਦਣਯੋਗ ਹੈ ਕਿ ਪੰਜਾਬ ਦੇ ਕਿਸੇ ਸਟੇਸ਼ਨ,ਕਿਸੇ ਵੀ ਸਰਕਾਰੀ/ਜਨਤਕ ਥਾਂ ਉੱਤੇ ਪੰਜਾਬੀ ਭਾਸ਼ਾ ਹੀ ਨਾ ਹੋਵੇ, ਕਿਰਪਾ ਕਰ ਕੇ ਇਸ ਵੱਲ ਧਿਆਨ ਦਿਓ। ਬੋਰਡ ਬਦਲਣ ਨੂੰ ਮਸ਼ਹੂਰੀ ਵਾਲ਼ੇ ਬੈਨਰ ਬਣਨ ਨਾਲ਼ੋਂ ਵੀ ਘੱਟ ਵਕ਼ਤ ਲੱਗੇਗਾ ਅਤੇ ਮਸ਼ਹੂਰੀ ਵੀ ਵੱਧ ਦਮਦਾਰ ਹੋਵੇਗੀ। ਆਪਣੇ ਸ਼ਹਿਰ ਤੋਂ ਸ਼ੁਰੂ ਕਰੋ’।

ਮਾਨਸਾ ਸਟੇਸ਼ਨ ਦੀ ਵਾਇਰਲ ਫੋਟੋ ਵੀ ਸਵਾਲਾਂ ਵਿੱਚ

ਉੱਧਰ ਸੋਸ਼ਲ ਮੀਡੀਆ ਉੱਤੇ ਮਾਨਸਾ ਦੇ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਵਾਲੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੋਕਾਂ ਨੇ ਕਿਹਾ ਹੈ ਕਿ ਮਾਨਸਾ ਦੇ ਰੇਲਵੇ ਸਟੇਸ਼ਨ ਦੀ ਨਵੀਨੀਕਰਨ ਦੀ ਖੁਸ਼ੀ ਤਾਂ ਬਹੁਤ ਹੈ ਪਰ ਮੰਦਰੀਕਰਨ ਦਾ ਦੁੱਖ ਵੀ ਹੈ, ਬਲਜਿੰਦਰ ਰੰਗੀਲਾ ਨਾਂ ਦੇ ਇੱਕ ਯੂਜ਼ਰ ਨੇ ਰੇਲਵੇ ਸਟੇਸ਼ਨ ਦੇ ਇਸ ਨਵੀਨੀਕਰਨ ਦਾ ਇੱਕ ਨਕਸ਼ਾ ਸਾਂਝਾ ਕਰਦਿਆਂ ਦਿਖਾਇਆ ਜਿਸ ਵਿੱਚ ਰੇਲਵੇ ਸਟੇਸ਼ਨ ਦੀ ਨੁਹਾਰ ਬਿਲਕੁਲ ਇੱਕ ਮੰਦਿਰ ਵਰਗੀ ਲੱਗ ਰਹੀ ਹੈ। ਸਟੇਸ਼ਨ ਦੇ ਉੱਤੇ ਮੰਦਿਰ ਵਰਗੇ ਗੁੰਬਦ ਬਣਾਏ ਗਏ ਹਨ।

ਦਰਅਸਲ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਅਧੀਨ 1,057.90 ਕਰੋੜ ਦੀ ਲਾਗਤ ਨਾਲ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਨ। ਸਰਕਾਰ ਵੱਲੋਂ ਲੁਧਿਆਣੇ ਦੇ ਰੇਲਵੇ ਸਟੇਸ਼ਨ ਲਈ 460 ਕਰੋੜ ਰੁਪਏ, ਜਲੰਧਰ ਕੈਟ ਦੇ ਰੇਲਵੇ ਸਟੇਸ਼ਨ ਲਈ 99 ਕਰੋੜ ਰੁਪਏ ਖਰਚੇ ਜਾਣਗੇ। ਇਸਦੀ ਜਾਣਕਾਰੀ ਬੀਜੇਪੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਦਿੱਤੀ ਹੈ ਅਤੇ ਨਾਲ ਹੀ ਇਨ੍ਹਾਂ ਦੇ ਨਕਸ਼ਿਆਂ ਨੂੰ ਸਾਂਝਾ ਕੀਤਾ ਹੈ।