Punjab

ਨਵਾਂਸ਼ਹਿਰ ‘ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਮਾਂ-ਪੁੱਤ , ਪਰਿਵਾਰਕ ਮੈਂਬਰਾਂ ਨੇ ਬਾਹਰ ਕੱਢ ਕੇ ਪਹੁੰਚਾਇਆ ਹਸਪਤਾਲ

The roof of the house fell in Nawanshahr, mother and son were buried under the debris, the family members took them out and brought them to the hospital.

 ਨਵਾਂਸ਼ਹਿਰ : ਪੰਜਾਬ ਦੇ ਜਿਲ੍ਹੇ ਨਵਾਂਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨੇੜੇ ਇਕ ਗਰੀਬ ਪ੍ਰਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਅੱਧੀ ਰਾਤ ਨੂੰ ਘਰ ‘ਚ ਸੁੱਤੀ ਹੋਈ ਮਾਂ ਅਤੇ ਕੁਝ ਮਹੀਨਿਆਂ ਦੇ ਬੱਚੇ ‘ਤੇ ਛੱਤ ਡਿੱਗ ਗਈ। ਦੋਵਾਂ ਜ਼ਖ਼ਮੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ।

ਚੰਡੀਗੜ੍ਹ ਰੋਡ ‘ਤੇ ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਲੜਕੀ ਜੋਤੀ ਨੇ ਦਸਿਆ ਕਿ ਉਹ ਤਿੰਨ ਭੈਣਾਂ ਅਤੇ ਇਕ ਭਰਾ ਅਤੇ ਮਾਂ ਨਾਲ ਇਕੋ ਘਰ ਵਿਚ ਰਹਿੰਦੀ ਹੈ। ਜਦਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਉਸ ਨੇ ਦਸਿਆ ਕਿ ਉਸ ਦੇ ਪਿਤਾ ਚਿਰੰਜੀਵ ਲਾਲ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਕਾਰਨ ਭੈਣਾਂ ਰਲ ਕੇ ਕੰਮ ਕਰਦੀਆਂ ਹਨ ਅਤੇ ਅਪਣੇ ਘਰ ਦਾ ਗੁਜ਼ਾਰਾ ਕਰਦਿਆਂ ਹਨ।

ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਉਨ੍ਹਾਂ ਦੀ ਛੱਤ ‘ਚ ਬਰਸਾਤ ਦਾ ਪਾਣੀ ਜਮ੍ਹਾ ਹੋ ਗਿਆ ਸੀ। ਜਿਸ ਕਾਰਨ ਘਰ ਦੀ ਛੱਤ ‘ਚ ਤਰੇੜਾਂ ਆਉਣ ਲੱਗ ਪਈਆਂ ਅਤੇ ਬੀਤੀ ਰਾਤ ਜਦੋਂ ਉਹ ਅਤੇ ਉਸ ਦਾ ਕੁਝ ਮਹੀਨਿਆਂ ਦਾ ਪੁੱਤਰ ਅੰਦਰ ਬੈੱਡ ‘ਤੇ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ ਅਤੇ ਬਾਂਹ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਲੜਕਾ ਬੇਹੋਸ਼ ਹੋ ਗਿਆ।

ਆਵਾਜ਼ ਸੁਣ ਕੇ ਉਸ ਦੇ ਦੂਜੇ ਕਮਰੇ ਅਤੇ ਵਰਾਂਡੇ ‘ਚ ਸੁੱਤੇ ਪਏ ਪ੍ਰਵਾਰਕ ਜੀਆਂ ਨੇ ਉਨ੍ਹਾਂ ਨੂੰ ਤੁਰਤ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ। ਜਿਥੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ ਗਿਆ। ਪੀੜਤ ਪ੍ਰਵਾਰ ਦਾ ਕਹਿਣਾ ਹੈ ਕਿ ਇਸ ਮਗਰੋਂ ਜ਼ਖ਼ਮੀਆਂ ਨੂੰ ਤੁਰਤ ਨੇੜਲੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰ ਨੇ ਗੰਭੀਰਤਾ ਨਾਲ ਉਸ ਦਾ ਇਲਾਜ ਸ਼ੁਰੂ ਕਰ ਦਿਤਾ। ਪੀੜਤ ਪ੍ਰਵਾਰ ਨੇ ਸਰਕਾਰ ਤੋਂ ਉਨ੍ਹਾਂ ਦੀ ਆਰਥਿਕ ਮਦਦ ਕਰਦੇ ਹੋਏ ਮਕਾਨ ਦੀ ਛੱਤ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ ਹੈ।