ਮਾਨਸਾ : ਸਿਆਸੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ, ਪੰਜਾਬੀ , ਸਿੱਖ ਕੌਮ ਦੇ ਮੁੱਦਿਆਂ ਨੂੰ ਆਪਣੀ ਕਲਮ ਨਾਲ ਸਰਕਾਰ ਅੱਗੇ ਰੱਖਿਆ ਸੀ। ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿੱਧੂ ਨੇ ਸਾਰੀ ਦੁਨੀਆ ਵਿੱਚ ਪੱਗ ਨੂੰ ਪਰਮੋਟ ਕੀਤਾ ਹੈ।
ਉਨ੍ਹਾਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਫਿਰ ਉਸ ਨਾਲ ਅਜਿਹਾ ਕਿਉਂ ਕੀਤਾ ਗਿਆ। ਉਨ੍ਹਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਵੇਂ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਦੇ ਕੇਸ ਦੀ ਕਿਸੇ ਨੇ ਸਾਰ ਨਹੀਂ ਲਈ ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਕੇਸ ਦੀ ਹੁਣ ਕੋਈ ਸਾਰ ਨਹੀਂ ਲੈ ਰਿਹਾ।
ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਿਉਂ ਮਾਰਿਆ ਗਿਆ ਸੀ? ਉਨਾਂ ਨੇ ਕਿਹਾ ਕਿ ਪੰਜਾਬ ਦੀਆਂ ਏਜੰਸੀਆਂ ਮੁੱਖ ਮੰਤਰੀ ਦੇ ਹੁਕਮਾਂ ‘ਤੇ ਚੱਲਦੀਆਂ ਹਨ। ਸਰਕਾਰ ਨੂੰ ਸਵਾਲ ਕਰਦਿਆਂ ਉਨਾਂ ਨੇ ਕਿਹਾ ਕਿ ਜਦੋਂ ਏਜੰਸੀਆਂ ਨੂੰ ਇਹ ਪਤਾ ਸੀ ਕਿ ਸਿੱਧੂ ਦੀ ਜਾਨ ਨੂੰ ਖ਼ਤਰਾ ਹੈ ਤਾਂ ਉਸਦੀ ਸਕਿਓਰਟੀ ਵਾਪਸ ਕਿਉਂ ਲਈ ਗਈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ।