ਅੰਮ੍ਰਿਤਸਰ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 9 ਅਗਸਤ ਨੂੰ ਮੁੜ ਮੁਲਾਕਾਤ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਤੇ ਗਏ ਸੱਦੇ ਤਹਿਤ ਭਾਈ ਮੰਡ ਤੇ ਉਨ੍ਹਾਂ ਦੇ ਸਮਰਥਕ ਸ੍ਰੀ ਅਕਾਲ ਤਖ਼ਤ ’ਤੇ ਪਹੁੰਚੇ ਸਨ, ਜਿਥੇ ਉਨ੍ਹਾਂ ਲਗਪਗ ਡੇਢ ਘੰਟਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਉਡੀਕ ਕੀਤੀ, ਪਰ ਉਨ੍ਹਾਂ ਦੇ ਨਾ ਆਉਣ ਮਗਰੋਂ ਉਹ ਪਰਤ ਗਏ।
ਜ਼ਿਕਰਯੋਗ ਹੈ ਕਿ ਮੁਤਵਾਜ਼ੀ ਜਥੇਦਾਰ ਵੱਲੋਂ ਜਥੇਦਾਰ ਰਘਬੀਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਜਥੇਦਾਰਾਂ ਦੀ ਆਪਸੀ ਏਕਤਾ ਲਈ ਮੁਲਾਕਾਤ ਕੀਤੀ ਜਾਵੇ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਕਿਸੇ ਰੁਝੇਵੇਂ ’ਚ ਹੋਣ। ਇਸ ਲਈ ਉਨ੍ਹਾਂ ਇੱਕ ਵਾਰ ਮੁੜ ਮੁਲਾਕਾਤ ਦਾ ਸੱਦਾ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ 9 ਅਗਸਤ ਨੂੰ ਉਹ 11 ਤੋਂ 1 ਵਜੇ ਦਰਮਿਆਨ ਸ੍ਰੀ ਅਕਾਲ ਤਖ਼ਤ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਉਡੀਕ ਕਰਨਗੇ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਸਾਬਕਾ ਕਾਰਜਕਾਰੀ ਜਥੇਦਾਰ ਦੇ ਨਾਂ ’ਤੇ ਪੱਤਰ ਤਾਂ ਆਇਆ ਸੀ, ਪਰ ਮੌਜੂਦਾ ਜਥੇਦਾਰ ਦੇ ਨਾਂ ਕੋਈ ਪੱਤਰ ਨਹੀਂ ਪੁੱਜਿਆ ਹੈ।