Punjab

ਪੰਜਾਬ ਦੇ 48 ਖਿਡਾਰੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ !

ਬਿਉਰੋ ਰਿਪੋਰਟ : ਮੋਹਾਲੀ ਦੇ ਸੈਕਟਰ 78 ਸਥਿਤ ਕੰਪਲੈਕਸ ਵਿੱਚ ਹਾਸਟਲ ਵਿੱਚ ਰਹਿਣ ਵਾਲੇ 48 ਖਿਡਾਰੀਆਂ ਦੀ ਅਚਾਨਕ ਤਬੀਅਤ ਵਿਗੜ ਗਈ । ਸਾਰੇ ਖਿਡਾਰੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇੱਥੇ ਉਨ੍ਹਾਂ ਦੀ ਹਾਲਤ ਚਿੰਤਾ ਜਨਕ ਹੈ । ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਖਿਡਾਰੀਆਂ ਨੇ ਸਵੇਰੇ ਨਾਸ਼ਤੇ ਦੇ ਵਕਤ ਦਲੀਆ ਖਾਦਾ ਸੀ । ਜਿਸ ਦੇ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ ।

ਖਿਡਾਰੀਆਂ ਦੇ ਮੁਤਾਬਿਕ ਦਲਿਏ ਵਿੱਚ ਕਿਰਲੀ  ਡਿੱਗੀ ਸੀ ਹਾਲਾਕਿ ਹੁਣ ਤੱਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ । ਸਿਵਲ ਹਸਪਤਾਲ ਦੇ ਡਾਕਟਰ ਆਰਬੀ ਸਿੰਘ ਨੇ ਦੱਸਿਆ ਹੈ ਕਿ ਖਿਡਾਰੀਆਂ ਦੀ ਹਾਲਤ ਠੀਕ ਹੈ । ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਵਾਕਿਏ ਹੀ ਖਿਡਾਰੀਆਂ ਦੇ ਦਲਿਏ ਵਿੱਚ ਕਿਰਲੀ  ਮਿਲੀ ਹੈ ਤਾਂ ਇਹ ਗੰਭੀਰ ਮਾਮਲਾ ਹੈ । ਇਸ ਦੀ ਜਾਂਚ ਜ਼ਰੂਰੀ ਹੈ । ਇਸ ਦੇ ਨਾਲ ਇਹ ਵੀ ਜੁੜਿਆ ਹੈ ਕੀ ਛਿਪਕਲੀ ਦੀ ਵਜ੍ਹਾ ਕਰਕੇ ਖਿਡਾਰੀਆਂ ਦੀ ਤਬੀਅਤ ਖਰਾਬ ਹੋਈ ਹੈ । ਇਹ ਲਾਪਰਵਾਹੀ ਹੈ ਜਾਂ ਫਿਰ ਕੁਝ ਹੋਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਕਿਉਂਕਿ ਸਵਾਲ ਖਿਡਾਰੀਆਂ ਦੀ ਜ਼ਿੰਦਗੀ ਹੈ ।

ਖਿਡਾਰੀਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਪਾਈ ਜਾਣ ਵਾਲੀ ਕਿਰਲੀ  ਜ਼ਹਰੀਲੀ ਨਹੀਂ ਹੁੰਦੀ ਹੈ। ਕਿਰਲੀ  ਵੇਖ ਕੇ ਖਿਡਾਰੀ ਘਬਰਾ ਗਏ ਅਤੇ ਉਨ੍ਹਾਂ ਨੇ ਉਲਟੀ ਕਰ ਦਿੱਤੀ । ਇਸੇ ਵਜ੍ਹਾ ਨਾਲ ਖਿਡਾਰੀਆਂ ਦੇ ਅੰਦਰ ਡਰ ਸੀ । ਫਿਲਹਾਲ ਸਾਰੇ ਖਿਡਾਰੀਆਂ ਦੀ ਹਾਲਤ ਠੀਕ ਹੈ ।

ਖੇਡ ਮੰਤਰੀ ਵੱਲੋਂ ਜਾਂਚ ਦੇ ਨਿਰਦੇਸ਼ 

ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੇ ਮੁਹਾਲੀ ਸੈਂਟਰ ਵਿਖੇ ਖਿਡਾਰੀਆਂ ਦੇ ਸਵੇਰੇ ਦੇ ਖਾਣੇ ਦੌਰਾਨ ਸਿਹਤ ਖਰਾਬ ਹੋਣ ਦੀਆਂ ਆਈਆਂ ਮੀਡੀਆ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਂਚ ਦੇ ਆਦੇਸ਼ ਦਿੰਦਿਆਂ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ।

ਮੀਤ ਹੇਅਰ ਨੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਇਸ ਦੀ ਐਕਸ਼ਨ ਟੇਕਨ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਤਾਹੀ ਸਾਹਮਣੇ ਆਈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।