ਚੰਡੀਗੜ੍ਹ : ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਜਿਸਟਰੀ ਤੋਂ ਲੈ ਕੇ ਮਾਲ ਵਿਭਾਗ ਤੱਕ ਦਾ ਕੋਈ ਵੀ ਕੰਮ ਨਹੀਂ ਹੋਵੇਗਾ। ਤਹਿਸੀਲਾਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ ਅਤੇ ਕਲੈਰੀਕਲ ਸਟਾਫ਼ ਸਾਰੇ ਹੀ ਹੜਤਾਲ ’ਤੇ ਚਲੇ ਗਏ ਹਨ। ਰੋਪੜ ਦੇ ਵਿਧਾਇਕ ਖ਼ਿਲਾਫ਼ ਸਾਰਿਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।
ਸਟਾਫ਼ ਦਾ ਦੋਸ਼ ਹੈ ਕਿ ਹਾਕਮ ਧਿਰ ਦੇ ਵਿਧਾਇਕ ਤੇ ਆਗੂ ਉਨ੍ਹਾਂ ਨੂੰ ਤਹਿਸੀਲਾਂ ਵਿੱਚ ਆ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਹਨ। ਪਿਛਲੇ ਦਿਨੀਂ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਤਹਿਸੀਲ ਵਿੱਚ ਆ ਕੇ ਸਭ ਦੇ ਸਾਹਮਣੇ ਸਟਾਫ਼ ਦੀ ਬੇਇੱਜ਼ਤੀ ਕੀਤੀ ਅਤੇ ਤਹਿਸੀਲ ਦਾ ਅਹਿਮ ਰਿਕਾਰਡ ਨਜਾਇਜ਼ ਤੌਰ ‘ਤੇ ਆਪਣੇ ਦਫ਼ਤਰ ਵਿੱਚ ਲੈ ਲਿਆ। ਸਟਾਫ਼ ਇਸ ਗੱਲ ‘ਤੇ ਬਜ਼ਿਦ ਹੈ ਕਿ ਵਿਧਾਇਕ ਇਸ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗਣ।
ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਫ਼ਿਲਹਾਲ ਸਿਰਫ਼ ਤਹਿਸੀਲਾਂ ਹੀ ਬੰਦ ਕੀਤੀਆਂ ਗਈਆਂ ਹਨ ਪਰ ਰੋਪੜ ਡਿਵੀਜ਼ਨ ਜਿਸ ਵਿੱਚ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਜ਼ਿਲ੍ਹੇ ਸ਼ਾਮਲ ਹਨ, ਵਿੱਚ ਡੀ ਸੀ ਦਫ਼ਤਰ ਤੋਂ ਲੈ ਕੇ ਤਹਿਸੀਲ ਪਟਵਾਰਖ਼ਾਨੇ ਤੱਕ ਦਾ ਸਾਰਾ ਕੰਮਕਾਜ ਠੱਪ ਹੋ ਕੇ ਰਹਿ ਜਾਵੇਗਾ। ਤਿੰਨਾਂ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਵਿੱਚ ਤਾਇਨਾਤ ਮੁਲਾਜ਼ਮ ਅੱਜ ਵਿਧਾਇਕ ਦਿਨੇਸ਼ ਚੱਢਾ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਮਨਿਸਟਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਨਰਿੰਦਰ ਚੀਮਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਦਖ਼ਲਅੰਦਾਜ਼ੀ ਬਹੁਤ ਵੱਧ ਗਈ ਹੈ। ਦਫ਼ਤਰਾਂ ਵਿੱਚ ਸਟਾਫ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਨੂੰ ਸਾਰੇ ਦਫ਼ਤਰਾਂ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਤੋਂ ਰੋਪੜ ਵਿੱਚ ਮੁਲਾਜ਼ਮ ਵਿਧਾਇਕ ਚੱਢਾ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਚੀਮਾ ਨੇ ਕਿਹਾ ਕਿ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਮੁਲਾਜ਼ਮ 26 ਜੁਲਾਈ ਨੂੰ ਰੋਪੜ ਵਿੱਚ ਹੀ ਸਰਕਾਰ ਖ਼ਿਲਾਫ਼ ਵੱਡੀ ਰੈਲੀ ਕਰਨਗੇ। ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਹ ਮੀਟਿੰਗ ਦਾ ਸਮਾਂ ਦੇਣ ਤੋਂ ਇਨਕਾਰ ਕਰਦੇ ਹਨ ਅਤੇ ਇਸ ਤੋਂ ਇਲਾਵਾ ਪਾਰਟੀ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਵੱਲੋਂ ਦਫ਼ਤਰਾਂ ਵਿੱਚ ਜਾ ਕੇ ਨਾਜਾਇਜ਼ ਕੰਮ ਕਰਵਾਏ ਜਾ ਰਹੇ ਹਨ।