ਮਾਨਸਾ : ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਮੁਕਤੀ ਦੀ ਮੰਗ ਕਰ ਰਹੇ ਲੋਕ ਸ਼ਾਮਲ ਹੋ ਰਹੇ ਹਨ। ਲੰਘੇ ਕੱਲ੍ਹ ਵੱਖ ਵੱਖ ਜਥੇਬੰਦੀਆਂ,ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਝੋਟਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਇਸੇ ਦੌਰਾਨ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਅੱਜ ਪਰਮਿੰਦਰ ਸਿੰਘ ਝੋਟਾ ਦੇ ਪਿੰਡ ਪਹੁੰਚੇ ਹਨ। ਖਹਿਰਾ ਨੇ ਪਰਮਿੰਦਰ ਸਿੰਘ ਝੋਟਾ ਦੀ ਕੀਤੀ ਗਈ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਸੋਦਾਗਰਾਂ ਨੂੰ ਫੜਣ ਦੀ ਬਜਾਏ ਨਸ਼ਿਆਂ ਖਿਲਾਫ ਸੰਘਰਸ਼ ਕਰਨ ਵਾਲੇ ਯੋਧੇ ਨੂੰ ਜੇਲ ਭੇਜਿਆ । ਖਹਿਰਾ ਨੇ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੀਆਂ ਗ੍ਰਿਫ਼ਤਾਰੀਆਂ , ਬਦਲਾਖੋਰੀ ਦੀ ਰਾਜਨਿਤੀ ਅਤੇ ਗਿੱਦੜ ਧਮਕੀਆਂ ਨਾਲ ਪੰਜਾਬ ਦੇ ਗੈਰਤਮੰਦ ਪਰਮਿੰਦਰ ਸਿੰਘ ਝੋਟਾ ਜਿਹੇ ਲੋਕ ਜੋ ਨਸ਼ਿਆਂ ਵਿਰੁੱਧ ਲੜ ਰਹੇ ਨੇ ਉਹ ਕਦੇ ਵੀ ਨਹੀਂ ਡਰਨਗੇ।
ਉਨ੍ਹਾਂ ਨੇ ਮੁੱਖ ਮੰਤਰੀ ਮਾਨ ‘ਤੇ ਦੇਸ਼ ਲਗਾਉਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਪੁਲਿਸ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ੇ ਖ਼ਿਲਾਫ਼ ਡਟ ਕੇ ਲੜ ਰਿਹਾ ਸੀ , ਇਸ ਕਰਕੇ ਪ੍ਰਸ਼ਾਸਨ ਤੋਂ ਜਰਿਆ ਨਹੀਂ ਜਾ ਰਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੂੰ ਹੁਣ ਨਸ਼ੇ ਖਿਲਾਫ ਲੜਨ ਵਾਲੇ ਨੌਜਵਾਨ ਨਹੀਂ ਚਾਹੀਦੇ ਸਗੋਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਜਾਂ ਨਸ਼ਿਆਂ ਦਾ ਗੈਂਗ ਚਲਾਉਂਦੇ ਹਨ ਅਜਿਹਿਆਂ ਨੂੰ ਮਾਨ ਸਰਕਾਰ ਵਧਾਵਾ ਦੇ ਰਹੀ ਹੈ।
ਖਹਿਰਾ ਨੇ ਮਾਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ DSP , ਇੱਕ ਲੋਕਲ ਮੈਡੀਕੋਜ਼ ਅਤੇ ਡਰੱਗ ਇੰਸਪੈਕਟਰ ਜਿਨ੍ਹਾਂ ‘ਤੇ ਅਸਲ ਵਿੱਚ ਪਰਚਾ ਦਰਜ ਹੋਣਾ ਚਾਹੀਦਾ ਸੀ ਅਤੇ ਜਿਨ੍ਹਾਂ ਦੀ ਜਾਂਚ ਵਿਜੀਲੈਂਸ ਨੂੰ ਕਰਨੀ ਚਾਹੀਦੀ ਸੀ ਪਰ ਇੱਥੇ ਕੁਝ ਵੀ ਨਹੀਂ ਹੋਇਆ ਅਤੇ ਸਿਰਫ 400 ਰੁਪਏ ਦੀ ਇੱਕ ਹਾਸੋਹੀਣਾ ਕੇਸ ਪਾ ਕੇ ਪਰਮਿੰਦਰ ਸਿੰਘ ਝੋਟੇ ਨੂੰ ਜਿਸ ਢੰਗ ਦੇ ਨਾਲ ਦਹਿਸ਼ਤ ਪਾਉਣ ਵਾਸਤੇ ਗ੍ਰਿਫ਼ਤਾਰ ਕੀਤਾ ਗਿਆ ਹੈ , ਮਾਨ ਸਰਕਾਰ ਨੇ ਇਹ ਮੈਸੇਜ ਦਿੱਤਾ ਹੈ ਕਿ ਅੱਜ ਤੋਂ ਬਾਅਦ ਸੂਬੇ ਵਿੱਚ ਨਸ਼ੇ ਦਾ ਵਿਰੋਧ ਕਿਸੇ ਨੇ ਵੀ ਨਹੀਂ ਕਰਨਾ।
- ਮਾਨ ਸਰਕਾਰ ਨੂੰ ਸਵਾਲ ਕਰਦਿਆਂ ਖਹਿਰਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ ਲੜਨ ਵਾਲਿਆਂ ਨੂੰ ਫੜਨ ਦੀ ਬਿਜਾਏ ਉਨਾਂ ਲੋਕਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ ਜੋ ਸ਼ਰੇਆਮ ਨਸ਼ਾ ਵੇਚਦੇ ਹਨ ?
- ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਦੇ ਵਿਧਾਈਕ ਕਟਾਰੂਚੱਕ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ?
- ਇੱਖ NIR ਦੀ ਕੋਠੀ ਨੂੰ ਦੱਬਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਗਿਆ ?
ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਇਹ ਸੋਚਦੀ ਹੈ ਕਿ ਇਹ ਡਰਾ ਕੇ , ਧਮਕਾ ਕੇ ਪੰਜਾਬ ਦੋ ਲੋਕਾਂ ਦੀ ਆਵਾਜ਼ ਨੂੰ ਦੱਬ ਸਕਦੀ ਹੈ ਤਾਂ ਸਰਕਾਰ ਇਸ ਭਹਮ ਵਿੱਚ ਨਾ ਰਹੇ। ਖਹਿਰਾ ਨੇ ਕਿਹਾ ਕਿ ਲੱਗਦਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਦੇ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਕਿਉਂਕਿ ਜੋ ਮੁਗਲਾ ਕੋਲੋਂ ਅਤੇ ਅੰਗਰੇਜ਼ਾਂ ਕੋਲੋਂ ਨਹੀਂ ਡਰੇ ਉਹ ਇਨ੍ਹਾਂ ਤੋਂ ਕਿਵੇਂ ਡਰ ਜਾਣਗੇ।