ਪੰਜਾਬ ਸਿੱਖਿਆ ਵਿਭਾਗ ਨੇ 5994 ਈ.ਟੀ.ਟੀ. ਕਾਡਰ ਦੀ ਭਰਤੀ ਦੌਰਾਨ ਝੂਠੇ ਤਰੀਕਿਆਂ ਨਾਲ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ਾਂ ਕਰਦੇ 2 ਉਮੀਦਵਾਰਾਂ ਨੂੰ ਫੜਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਪੁਲੀਸ ਨੂੰ ਦੋਵਾਂ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਹਰ ਭਰਤੀ ਵਿੱਚ ਪਾਰਦਰਸ਼ੀ ਚੋਣ ਪ੍ਰਣਾਲੀ ਅਪਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ ਅਤੇ ਸੰਦੀਪ ਕੁਮਾਰ ਵਾਸੀ ਪਿੰਡ ਹਾਜੀ ਬੇਟੂ ਡਾਕਖ਼ਾਨਾ ਪੰਜੇ ਵਜੋਂ ਹੋਈ ਹੈ। ਦੋਵਾਂ ਨੇ ਚੋਣ ਪ੍ਰਕਿਰਿਆ ਦੌਰਾਨ ਗ਼ਲਤ ਕਦਮ ਚੁੱਕੇ, ਪਰ ਪੜਤਾਲ ਦੌਰਾਨ ਦੋਵਾਂ ਵੱਲੋਂ ਧਾਂਦਲੀ ਫੜੀ ਗਈ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਖ਼ਤ ਕਦਮ ਚੁੱਕੇ ਹਨ।
Education Department has initiated legal action against two persons who were trying to get jobs through forgery during the scrutiny process of documents for 5994 ETT cadre. School Education Minister @HarjotBains shared the details.
— Government of Punjab (@PunjabGovtIndia) July 21, 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਈਟੀਟੀ ਕਾਡਰ ਦੀ ਭਰਤੀ ਸਬੰਧੀ ਪੜਤਾਲ ਚੱਲ ਰਹੀ ਹੈ। ਇਸ ਦੌਰਾਨ ਲਿਖਤੀ ਪ੍ਰੀਖਿਆ ਦੇ ਸਮੇਂ ਲਈ ਗਈ ਫ਼ੋਟੋ ਅਤੇ ਫਿੰਗਰ ਪ੍ਰਿੰਟ ਨਾਲ ਗੁਰਪ੍ਰੀਤ ਸਿੰਘ ਦੀ ਫਿੰਗਰ ਪ੍ਰਿੰਟ ਅਤੇ ਅਸਲੀ ਫ਼ੋਟੋ ਮੇਲ ਨਹੀਂ ਖਾਂਦੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਮੁਲਜ਼ਮ ਦੀ ਜਾਅਲਸਾਜ਼ੀ ਦਾ ਮਾਮਲਾ ਸਾਹਮਣੇ ਆਇਆ।
ਦੂਜੇ ਪਾਸੇ ਪੜਤਾਲ ਦੌਰਾਨ ਸੰਦੀਪ ਕੁਮਾਰ ਨੇ ਪਿੰਡ ਫੱਤੂਵਾਲਾ ਨਿਵਾਸੀ ਨਰਿੰਦਰਪਾਲ ਸਿੰਘ ਦਾ ਜਾਅਲੀ ਆਧਾਰ ਕਾਰਡ ਅਤੇ ਜਾਅਲੀ ਵੋਟਰ ਕਾਰਡ ਦੀ ਵਰਤੋਂ ਕੀਤੀ ਪਰ ਬਾਇਓਮੈਟ੍ਰਿਕ ਪ੍ਰਕਿਰਿਆ ਦੌਰਾਨ ਸੰਦੀਪ ਕੁਮਾਰ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਸਿੱਖਿਆ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਦੇਣ ਲਈ ਪੂਰੀ ਵਾਹ ਲਾ ਰਹੀ ਹੈ।