ਬਿਊਰੋ ਰਿਪੋਰਟ : ਫਰੀਦਕੋਟ ਦੇ ਮਸ਼ਹੂਰ ਬਾਬਾ ਦਿਆਲਦਾਸ ਕਤਲਕਾਂਡ ਦੇ ਮਾਮਲੇ ਵਿੱਚ 50 ਲੱਖ ਦੀ ਰਿਸ਼ਵਤ ਮੰਗਣ ਵਾਲੇ DSP ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਦੀ ਤਸਦੀਕ ਫਿਰੋਜ਼ਪੁਰ ਵਿਜੀਲੈਂਸ SSP ਗੁਰਮੀਤ ਸਿੰਘ ਵੱਲੋਂ ਕੀਤੀ ਗਈ ਹੈ । ਇਸ ਵੇਲੇ ਮੁਲਜ਼ਮ ਸੁਸ਼ੀਲ ਕੁਮਾਰ DSP IBR ਲੁਧਿਆਣਾ ਤਾਇਨਾਤ ਸੀ ।
ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ DSP ਸੁਸ਼ੀਲ ਕੁਮਾਰ ਨੂੰ ਵਿਜੀਲੈਂਸ ਨੇ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਫਿਰੋਜ਼ਪੁਰ ਦਫਤਰ ਬੁਲਾਇਆ ਸੀ । ਗ੍ਰਿਫਤਾਰੀ ਤੋਂ ਬਚਨ ਦੇ ਲਈ ਕੇਸ ਵਿੱਚ ਨਾਮਜ਼ਦ ਮੁਲਜ਼ਮ SP ਗਗਨੇਸ਼ ਕੁਮਾਰ , DSP ਸੁਸ਼ੀਲ ਕੁਮਾਰ, SI ਖੇਮਚੰਦ ਪਰਾਸ਼ਰ ਵੱਲੋਂ ਅਗਾਉ ਜ਼ਮਾਨਤਤ ਦਾਖਲ ਕੀਤੀ ਸੀ ਜਿਸ ਨੂੰ ਐਡੀਸ਼ਨਲ ਸੈਸ਼ਨ ਕੋਰਟ ਅਤੇ ਜ਼ਿਲ੍ਹਾਂ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ ।
ਨਾਮਜਦ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ
ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਬਾਬਾ ਹਰਕਾ ਦਾਸ ਡੇਰਾ ਮੁੱਖੀ ਬਾਬਾ ਗਗਨਦਾਸ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨਾਮਜਦ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ । ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਗੰਭੀਰ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਕੋਟਕਪੂਰਾ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਸੀ
2 ਜੂਨ 2023 ਨੂੰ ਬਾਬਾ ਹਰਕਾ ਦਾਸ ਡੇਰਾ ਮੁੱਖੀ ਬਾਬਾ ਗਗਨਦਾਸ ਨੇ ਕੋਟਕਪੂਰਾ ਸਦਰ ਥਾਣੇ ਵਿੱਚ ਰਿਸ਼ਵਤ ਦੀ ਸ਼ਿਕਾਇਤ ਦਰਜ ਕੀਤੀ ਸੀ । ਵਿਜੀਲੈਂਸ ਦੀ ਸ਼ਿਫਾਰਿਸ ‘ਤੇ ਜਾਂਚ ਬਾਅਦ ਫਰੀਦਕੋਟ ਦੇ ਤਤਕਾਲੀ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ ,IG ਦਫਤਰ ਵਿੱਚ ਤਾਇਨਾਤ SI ਖੇਮਚੰਦਰ ਪਰਾਸ਼ਰ,ਮਹੰਤ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਠੇਕੇਦਾਰ ਨੂੰ ਨਾਮਜ਼ਦ ਕੀਤਾ ਗਿਆ ਸੀ ।
ਕਤਲ ਦੇ ਬਾਅਦ ਰਿਸ਼ਵਤ ਦਾ ਮਾਮਲਾ
7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁੱਖਿਆ ਦੇ ਸੰਤ ਬਾਬਾ ਦਿਆਲਦਾਸ ਦਾ ਕਤਲ ਹੋ ਗਿਆ ਸੀ । ਮਾਮਲੇ ਵਿੱਚ ਪੁਲਿਸ ਵੱਲੋਂ ਮੋਗਾ ਦੇ ਜਰਨੈਲ ਸਿੰਘ ਸਮੇਤ 3 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ । ਪਰ ਜਰਨੈਲ ਸਿੰਘ ਨੂੰ ਫੜਿਆ ਨਹੀਂ ਗਿਆ ਸੀ । ਜਰਨੈਲ ਸਿੰਘ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਨ ਦੀ ਅਰਜ਼ੀ ਲਗਾਈ ਗਈ ਸੀ ਜਿਸ ਤੋਂ ਬਾਅਦ ਤਤਕਾਰੀ DIG ਫਰੀਦਕੋਟ ਦੀ ਅਗਵਾਈ ਵਿੱਚ SIT ਦਾ ਗਠਨ ਕੀਤਾ ਗਿਆ । ਜਿਸ ਨੇ ਆਪਣੀ ਜਾਂਚ ਵਿੱਚੋਂ ਜਰਨੈਲ ਸਿੰਘ ਨੂੰ ਬਾਹਰ ਕੱਢ ਦਿੱਤਾ ਸੀ । ਜਦੋਂ ਪੁਲਿਸ ਨੇ ਚਾਲਾਨ ਪੇਸ਼ ਕੀਤਾ ਤਾਂ ਬਾਬਾ ਗਗਨਦਾਸ ਨੇ ਅਦਾਲਤ ਵਿੱਚ ਪੇਸ਼ ਹੋਕੇ ਕਤਲ ਦਾ ਮੁੱਖ ਮੁਲਜ਼ਮ ਜਰਨੈਲ ਸਿੰਘ ਨੂੰ ਦੱਸਿਆ । ਇਸ ਤੋਂ ਬਾਅਦ ਅਦਾਲਤ ਨੇ ਜਰਨੈਲ ਨੂੰ ਤਲਬ ਕੀਤਾ । ਫਿਰ ਜਰਨੈਲ ਸਿੰਘ ਜ਼ਮਾਨਤ ਲਈ ਹਾਈਕੋਰਟ ਪਹੁੰਚਿਆ ਅਦਾਲਤ ਨੇ ਵੇਖਿਆ ਕਿ ਕਤਲ ਦੇ ਮੁਲਜ਼ਮ ਨੂੰ SIT ਨੇ ਬੇਗੁਨਾਹ ਕਿਵੇ ਕਰਾਰ ਦਿੱਤਾ । ਫਿਰ ਜਾਂਚ IG ਫਰੀਦਕੋਟ ਨੂੰ ਦਿੱਤੀ ਗਈ ।
IG ਦੇ ਨਾਂ ‘ਤੇ ਮੰਗੀ ਰਿਸ਼ਵਤ
SIT ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਜਰਨੈਲ ਸਿੰਘ ਨੂੰ ਕਤਲ ਤੋਂ ਬਾਹਰ ਰੱਖਣ ਲਈ 1 ਕਰੋੜ ਦੀ ਰਿਸ਼ਵਤ ਮੰਗੀ ਹੈ । ਹੁਣ SIT ਨੂੰ ਹਾਈਕੋਰਟ ਨੂੰ ਇਹ ਦੱਸਣਾ ਸੀ ਕਿ ਜਰਨੈਲ ਸਿੰਘ ਨੂੰ ਮੁਲਜ਼ਮ ਰੱਖਿਆ ਜਾਵੇ । ਇਸ ਦੇ ਲਈ SIT ਦੇ ਮੈਂਬਰਾਂ ਨੇ ਬਾਬਾ ਗਗਨਦਾਸ ਨਾਲ ਸੰਪਰਕ ਕੀਤਾ ਅਤੇ ਕਿਹਾ ਜੇਕਰ ਜਰਨੈਲ ਸਿੰਘ ਨੂੰ ਮੁਕਦਮੇ ਵਿੱਚ ਸ਼ਾਮਲ ਕਰਨਾ ਹੈ ਤਾਂ IG ਨੂੰ 50 ਲੱਖ ਦੀ ਰਿਸ਼ਵਤ ਦੇਣੀ ਹੋਵੇਗੀ । 35 ਲੱਖ ਤੇ ਸੌਦਾ ਤੈਅ ਹੋਇਆ । ਮੁਲਜ਼ਮਾਂ ਵੱਲੋਂ 20 ਲੱਖ ਰੁਪਏ IG ਫਰੀਦਕੋਟ ਦੇ ਨਾਂ ਦਿੱਤੇ ਗਏ । ਪਰ ਇਸ ਦੀ ਇਤਲਾਹ ਨੂੰ IG ਲੱਗ ਗਈ । ਫਿਰ ਉਨ੍ਹਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ।