ਅੰਮ੍ਰਿਤਸਰ ਸੂਬੇ ਵਿੱਚ ਇੰਨੀ ਦਿਨੀਂ ਲੁੱਟਾਂ ਖੋਹਾਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਕਾਨੂੰਨ ਅਵਸਥਾ ‘ਤੇ ਉੱਠਦਾ ਜਾ ਰਿਹਾ ਹੈ। ਅੰਮ੍ਰਿਤਸਰਵਿੱਚ ਇੱਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਬੇਖੌਫ਼ ਲੁਟੇਰਿਆਂ ਨੇ ਸ਼ਹਿਰ ਦੇ ਭੀੜ ਵਾਲੇ ਇਲਾਕੇ ਜਨਕਪੁਰੀ ਵਿੱਚ ਮਨੀ ਟਰਾਂਸਫਰ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ। ਚਿੱਟੇ ਦਿਨ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਦਫ਼ਤਰ ਦੇ ਅੰਦਰ ਦਾਖਲ ਹੋਏ ਅਤੇ ਗੰਨ ਪੁਆਇੰਟ ਤੇ ਦਫ਼ਤਰ ਵਿੱਚ ਬੈਠੀ ਔਰਤ ਕੋਲੋਂ ਸਵਾ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਤੇਜ਼-ਤਰਾਰ ਲੁਟੇਰਿਆਂ ਨੇ ਮਹਿਜ਼ 25 ਸੈਕਿੰਡ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਦੀ ਇਹ ਹਰਕਤ ਗਲੀ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ, ਪੁਲਿਸ CCTV ਫੁਟੇਜ ਨੂੰ ਅਧਾਰ ਬਣਾ ਕੇ ਜਾਂਚ ਕਰ ਰਹੀ ਹੈ
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਦੁਪਹਿਰ ਪੌਣੇ ਤਿੰਨ ਵਜੇ ਕਰੀਬ ਇੱਕ ਸਰਦਾਰ ਅਤੇ ਦੋ ਮੋਨੇ ਨੌਜਵਾਨ ਸਕੂਟਰ ‘ਤੇ ਸਵਾਰ ਹੋ ਕੇ ਆਏ। ਬਦਮਾਸ਼ਾਂ ਨੇ ਗਲ਼ੀ ਦੀ ਰੇਕੀ ਕੀਤੀ ਅਤੇ ਉਹ ਮਨੀ ਟਰਾਂਸਫਰ ਦੇ ਦਫਤਰ ਦੇ ਅੰਦਰ ਦਾਖਲ ਹੋ ਗਏ। ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋਣ ਲੱਗੇ।
ਔਰਤ ਉਨ੍ਹਾਂ ਦੇ ਮਗਰ ਭੱਜੀ ਪਰ ਬਦਮਾਸ਼ ਰਫੂ ਚੱਕਰ ਹੋ ਗਏ। ਕੁਝ ਲੋਕ ਗਲ਼ੀ ਵਿੱਚ ਮੌਜੂਦ ਸਨ ਪਰ ਉਹ ਔਰਤ ਦੀ ਮਦਦ ਲਈ ਅੱਗੇ ਨਹੀਂ ਆਏ। ਸੀਸੀਟੀਵੀ ਵਿੱਚ ਸਾਫ਼ ਹੋਇਆ ਕਿ ਇੱਕ ਵਿਅਕਤੀ ਆਟੋ ਦੇ ਪਿੱਛੇ ਖੜ੍ਹਾ ਮੂਕ ਦਰਸ਼ਕ ਬਣ ਕੇ ਸਾਰੀ ਵਾਰਦਾਤ ਨੂੰ ਦੇਖਦਾ ਰਿਹਾ ਅਤੇ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।