Punjab

ਪੰਜਾਬ ‘ਚ ਹੜ੍ਹ ਦੇ ਹਾਲਾਤਾਂ ‘ਤੇ ਬੋਲੇ CM ਮਾਨ, ਕਿਹਾ ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜੇਗੀ…

Speaking on the flood situation in Punjab, CM mann

ਚੰਡੀਗੜ੍ਹ : ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਪਹੁੰਚਾਉਣ ਜਾਂ ਲੋਕਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਲਈ ਕਈ ਨਾਗਰਿਕ ਵੀ ਅੱਗੇ ਆ ਰਹੇ ਹਨ। ਮਦਦ ਕਰਨ ਵਾਲੇ ਆਪੋ-ਆਪਣੇ ਤਰੀਕਿਆਂ ਤੇ ਸਰੋਤਾਂ ਮੁਤਾਬਕ ਕੋਸ਼ਿਸ਼ ਕਰ ਰਹੇ ਹਨ। ਕੋਈ ਬੇਘਰ ਹੋਏ ਲੋਕਾਂ ਦੇ ਰਹਿਣ ਲਈ ਥਾਂ ਅਤੇ ਖਾਣ-ਪੀਣ ਦਾ ਪ੍ਰਬੰਧ ਕਰ ਰਿਹਾ ਹੈ, ਕੋਈ ਪਾਣੀ ਵਿੱਚ ਫਸੇ ਲੋਕਾਂ ਨੂੰ ਕਢਵਾਉਣ ਵਿੱਚ ਅਤੇ ਕੋਈ ਪਾਣੀ ਵਿਚਕਾਰ ਘਰਾਂ ਅੰਦਰ ਬੈਠੇ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ।

ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਬਾਰੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਸੀਐੱਮ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੀ ਪਾਣੀ ਦੀ ਸਥਿਤੀ ਦੀ ਹਰ ਪਲ ਦੀ ਰਿਪੋਰਟ ਦੇ ਆਧਾਰ ‘ਤੇ ਪ੍ਰਸ਼ਾਸਨ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਕਿਸਮ ਦੀ ਸਹਾਇਤਾ ਕਰਨੀ ਸਾਡੀ ਪਹਿਲ ਹੈ। ਸਾਰੇ ਡੈਮ ਸੁਰੱਖਿਅਤ ਅਤੇ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹਨ। ਉਮੀਦ ਹੈ ਕਿ ਪੰਜਾਬ ਵਿੱਚ ਅੱਜ ਸ਼ਾਮ ਤੱਕ ਹਾਲਾਤ ਕਾਫ਼ੀ ਸੁਧਰ ਜਾਣਗੇ। ਕਿਸੇ ਵੀ ਕਿਸਮ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜੇਗੀ।

ਉੱਧਰ ਫਿਰੋਜ਼ਪੁਰ ‘ਚ ਹੜ੍ਹ ਦੇ ਪਾਣੀ ਦੀ ਦੋਹਰੀ ਮਾਰ ਪੈ ਰਹੀ ਹੈ। ਜਾਣਕਾਰੀ ਮੁਤਾਬਕ ਜ਼ੀਰੋ ਲਾਈਨ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਬੰਨ੍ਹ ਟੁੱਟ ਗਿਆ ਹੈ। ਇਸ ਤੋਂ ਬਾਅਦ ਜਿੱਥੇ ਪਾਣੀ ਬਹੁਤ ਤੇਜ਼ੀ ਨਾਲ ਭਾਰਤ ‘ਚ ਦਾਖਲ ਹੋ ਰਿਹਾ ਹੈ, ਉੱਥੇ ਹੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈ ਹੈ। ਇੱਥੇ 80 ਤੋਂ 70 ਪਿੰਡ ਮਾਰ ਹੇਠ ਆ ਗਏ ਹਨ।

ਫੌਜ ਅਤੇ ਬੀਐਸਐਫ ਲੋਕਾਂ ਨੂੰ ਬਾਹਰ ਕੱਢਣ ਵਿਚ ਲੱਗੀ ਹੋਈ ਹੈ। ਹੁਸੈਨੀਵਾਲਾ ਸਰਹੱਦ ਨੇੜੇ ਲੱਗਦੇ ਪਾਕਿਸਤਾਨੀ ਪਿੰਡ ਕਾਲੰਜਰ, ਰੱਜੀ ਵਾਲਾ ਅਤੇ ਅੱਕੂ ਵਾਲਾ ਵਿੱਚ ਬਣੇ ਬੰਨ੍ਹ ਦੇ ਟੁੱਟਣ ਕਾਰਨ ਪਾਣੀ ਤੇਜ਼ੀ ਨਾਲ ਪੰਜਾਬ ਵੱਲ ਮਾਰ ਕਰਨ ਲੱਗਾ ਹੈ। ਆਉਣ ਵਾਲੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਕਈ ਸਰਹੱਦੀ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਜਾਣਗੇ। ਨੇੜਲੇ ਪਿੰਡਾਂ ਦੇ ਗੁਰੂ ਘਰਾਂ ਵਿਚ ਬਚਾਅ ਲਈ ਆਵਾਜ਼ ਦਿੱਤੀ ਜਾ ਰਹੀ ਹੈ।

ਦੂਜੇ ਪਾਸੇ ਭਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਤੇ ਭਾਖੜਾ ਡੈਮ ਤੋਂ ਅਗਲੇ ਦੋ ਦਿਨਾਂ ਤੱਕ ਕਰੀਬ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਜੇ ਕੋਈ ਚਿੰਤਾ ਦੀ ਸਥਿਤੀ ਨਹੀਂ ਪਰ ਸਤਲੁਜ ਵਿੱਚ ਪਾਣੀ ਛੱਡਣ ਨਾਲ ਨੀਵੇਂ ਇਲਾਕਿਆਂ ਵਿੱਚ ਸਮੱਸਿਆ ਆ ਸਕਦੀ ਹੈ।