ਮਾਨਸਾ : ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੂਬੇ ਭਰ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੂਬੇ ਦੇ ਜ਼ਿਆਦਾਤਰ ਸ਼ਹਿਰ ਪਾਣੀ ਵਿੱਚ ਡੁੱਬੇ ਪਏ ਹਨ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਥਾਂ-ਥਾਂ ਪਾਣੀ ਭਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੀਂਹ ਕਰਕੇ ਪੰਜਾਬ ਦੇ ਬਰਸਾਤੀ ਨਾਲੇ, ਚੋਅ ਤੇ ਦਰਿਆਵਾਂ ਵਿੱਚ ਵੀ ਪਾਣੀ ਚੜ੍ਹ ਗਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਲਰਟ ’ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ ਨੂੰ ਲੋਕਾਂ ਵਿੱਚ ਜਾ ਕੇ ਮਦਦ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਡੀਸੀ ਤੇ ਐੱਸਐੱਸਪੀ ਨੂੰ ਵੀ ਫੀਲਡ ’ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਮਾਨ ਨੇ ਕਿਹਾ ਕਿ ਜਿੱਥੇ ਪਾਣੀ ਭਰਨ ਦੀ ਸਥਿਤੀ ਹੋਵੇ, ਉੱਥੇ ਵਾਟਰ ਪੰਪ ਦੀ ਵਰਤੋਂ ਕਰੋ। ਅਗਲੇ ਦੋ-ਤਿੰਨ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਨੀਵੇਂ ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਅਤੇ ਲੋਕਾਂ ਨੂੰ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਨੀਵੇਂ ਇਲਾਕਿਆਂ ਤੇ ਖਾਸ ਤੌਰ 'ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਨੇ…
ਮੈਂ ਆਪਣੇ ਸਾਰੇ ਮੰਤਰੀਆਂ-ਵਿਧਾਇਕਾਂ ਤੇ ਸਾਰੇ ਜ਼ਿਲ੍ਹਿਆਂ ਦੇ DCs ਤੇ SSPs ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ…
— Bhagwant Mann (@BhagwantMann) July 9, 2023
ਇਸ ਸਮੇਂ ਹਾਲਾਤ ਇਹ ਹਨ ਕਿ ਪਾਣੀ ਭਰਨ ਕਾਰਨ ਗੱਡੀਆਂ ਬੰਦ ਹੋਣ ਕਰਕੇ ਵੱਡੀ ਗਿਣਤੀ ਲੋਕ ਸੜਕਾਂ ਉਤੇ ਫਸ ਗਏ ਹਨ। ਪਟਿਆਲਾ ਸਣੇ ਕਈ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਵੱਲੋਂ ਚੌਕਸੀ ਦੇ ਹੁਕਮ ਦਿੱਤੇ ਗਏ ਹਨ। ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ ਆ ਗਿਆ ਹੈ। ਕਈ ਇਲਾਕਿਆਂ ਵਿਚ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਦਰਿਆਵਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਤੇ ਸਾਰੀ ਟੀਮਾਂ ਰੈੱਡ ਅਲਰਟ ‘ਤੇ ਹਨ।
ਹਲਕਾ ਵਾਸੀਆਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਸਾਥ ਦਿਓ, ਜਿਨ੍ਹਾਂ ਪਿੰਡਾਂ ਨੂੰ ਖ਼ਾਲੀ ਕਰਨੇ ਲਈ ਬੋਲਿਆ ਜਾ ਰਿਹਾ ਉਨ੍ਹਾਂ ਨੂੰ ਖਾਲੀ ਕਰੋ ਤੁਹਾਡਾ ਲੰਗਰ ਪਾਣੀ, ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਾਰੇ ਸਾਥੀਆਂ ਨੂੰ ਇਹ ਵੀ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ ਸ਼ਹਿਰ ਵਿੱਚ ਕੱਚੇ/ਕਮਜ਼ੋਰ ਮਕਾਨਾਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ…
— Harjot Singh Bains (@harjotbains) July 9, 2023
ਮੋਹਾਲੀ ਪ੍ਰਸਾਸ਼ਨ ਦੇ ਵੱਲੋਂ ਹੜ੍ਹਾਂ ਵਰਗੀ ਬਣੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਦੀ ਮਦਦ ਵਾਸਤੇ ਹੈਲਪ ਲਾਈਨ ਨੰਬਰ ਜਾਰੀ ਹੈ। ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਮੌਜੂਦ ਲੈਂਡਲਾਈਨਾਂ ਨੰਬਰ ਮੋਹਾਲੀ-0172-2219505, ਡੇਰਾਬੱਸੀ-01762-283224, ਖਰੜ-0160-2280853 ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸਥਿਤੀ ਵਿੱਚ ਹੁਣ ਮੋਬਾਇਲ ਨੰਬਰ ਜਾਰੀ ਕੀਤੇ ਗਏ ਹਨ। ਫਲੱਡ ਕੰਟਰੋਲ ਰੂਮ ਮੋਹਾਲੀ ਦਾ ਇੱਕ ਹੋਰ ਸੰਪਰਕ ਨੰਬਰ: 76580-51209 , ਮਨਦੀਪ ਸਿੰਘ 7347661642, ਖਰੜ ਦੇ ਲਈ ਸਰਬਜੀਤ ਸਿੰਘ 9464234000 ਅਤੇ ਡੇਰਾਬਸੀ ਦੇ ਲਈ ਸਰਵਪ੍ਰੀਤ ਸਿੰਘ 9855025466, 7973360184 ਜਾਰੀ ਕੀਤੇ ਗਏ ਹਨ।
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਇਸ ਕਰਕੇ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ। ਇਕ ਫਲੱਡ ਗੇਟ ਸਵੇਰੇ ਸਾਢੇ ਪੰਜ ਵਜੇ ਅਤੇ ਦੂਜਾ ਸਵੇਰੇ 6:15 ਵਜੇ ਖੋਲ੍ਹਿਆ ਗਿਆ ਹੈ।
ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਜਦਕਿ ਪਾਣੀ ਦਾ ਪੱਧਰ 1164.60 ਫੁੱਟ ਤੱਕ ਪਹੁੰਚ ਗਿਆ। ਇਸ ਦੌਰਾਨ ਪਾਣੀ ਸੁਖਨਾ ਝੀਲ ਦੇ ਫਲੱਡ ਗੇਟਾਂ ਦੇ ਉਪਰੋਂ ਦੀ ਲੰਘ ਰਿਹਾ ਸੀ। ਜਾਣਕਾਰੀ ਅਨੁਸਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਜ਼ੀਰਕਪੁਰ ਤੇ ਪੰਚਕੂਲਾ ਦੇ ਕੁਝ ਇਲਾਕਿਆਂ ਵਿਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਭਾਰੀ ਮੀਂਹ ਕਾਰਨ ਖਤਰੇ ਦੇ ਨਿਸ਼ਾਨ ਤੋਂ ਬਿਆਸ ਦਰਿਆ ਉੱਪਰ ਆ ਗਿਆ ਹੈ। ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਪੁੱਜ ਗਿਆ ਹੈ। ਕਈ ਜਗ੍ਹਾ ਹਾਈਵੇ ਪਾਣੀ ‘ਚ ਡੁੱਬੇ ਗਏ ਹਨ। ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਘੱਟ ਤੋਂ ਘੱਟ ਬਾਹਰ ਨਿਕਲਣ।