ਜਲੰਧਰ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਹਾਮਣੇ ਆਈ ਹੈ, ਜਿੱਥੇ ਇੱਕ ESI ਹਸਪਤਾਲ ਦੇ ਡਾਕਟਰ ਨੇ ਸ਼ਰਾਬ ਪੀ ਕੇ ਕੱਪੜਾ ਵੇਚਣ ਵਾਲੇ ਦੇ ਕੱਪੜਿਆਂ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਰੇਹੜੀ ਵਾਲੇ ਨੇ ਇਸ ਦਾ ਵਿਰੋਧ ਕੀਤਾ ਤਾਂ ਡਾਕਟਰ ਨੇ ਉਸ ਨੂੰ ਥੱਪੜ ਮਾਰੇ।
ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਇੱਥੋਂ ਦੇ ਫੋਕਲ ਪੁਆਇੰਟ ‘ਤੇ ਇੱਕ ਹਸਪਤਾਲ ‘ਚ ਕੰਮ ਕਰਦੇ ਡਾਕਟਰ ਨੇ ਹਸਪਤਾਲ ਦੇ ਬਾਹਰ ਕੱਪੜੇ ਵੇਚਣ ਵਾਲੇ ਦੀ ਰੇਹੜੀ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਕੱਪੜਾ ਵਿਕਰੇਤਾ ਨੇ ਉਸ ਨੂੰ ਰੋਕਿਆ ਤਾਂ ਡਾਕਟਰ ਨੇ ਉਸ ਨੂੰ ਹੀ ਥੱਪੜ ਮਾਰ ਦਿੱਤਾ। ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਤਾਂ ਉਕਤ ਡਾਕਟਰ ਨੇ ਉਨ੍ਹਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਡਾਕਟਰ ਤੋਂ ਤੰਗ ਆ ਕੇ ਦੁਕਾਨਦਾਰਾਂ ਨੇ ਪੁਲਿਸ ਨੂੰ ਬੁਲਾ ਲਿਆ।
ਪੀੜਤ ਅਰੁਣ ਸਹਿਗਲ ਨੇ ਦੱਸਿਆ ਕਿ ਡਾਕਟਰ ਨਸ਼ੇ ਵਿੱਚ ਟੱਲੀ ਸੀ ਅਤੇ ਉਸ ਦੀ ਰੇਹੜੀ ਨੇੜੇ ਪਿਸ਼ਾਬ ਕਰਨ ਲੱਗਾ। ਉਸ ਨੇ ਡਾਕਟਰ ਦੀ ਮਿੰਨਤ ਕੀਤੀ ਕਿ ਇਹੀ ਉਸ ਦੀ ਰੋਜ਼ੀ-ਰੋਟੀ ਹੈ। ਇੱਥੇ ਪਿਸ਼ਾਬ ਨਾ ਕਰੋ। ਇਸ ਦੌਰਾਨ ਗੁੱਸੇ ‘ਚ ਆਏ ਅਤੇ ਨਸ਼ੇ ‘ਚ ਧੁੱਤ ਡਾਕਟਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਦੂਜੇ ਪਾਸੇ ਹਸਪਤਾਲ ਦੀ ਐਸਐਮਓ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ‘ਤੇ ਉਹ ਇਸ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ। ਡਾਕਟਰ ਦੇ ਮੈਡੀਕਲ ਟੈੱਸਟ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਮੈਡੀਕਲ ਵੀ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਘਟਨਾ ਮੱਧ ਪ੍ਰਦੇਸ਼ ਵਿੱਚ ਵੀ ਵਾਪਰੀ ਸੀ। ਇੱਥੇ ਇਕ ਸ਼ਰਾਬੀ ਵਿਅਕਤੀ ਨੇ ਪੌੜੀਆਂ ‘ਤੇ ਬੈਠੇ ਇਕ ਆਦਿਵਾਸੀ ਵਿਅਕਤੀ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਹ ਘਟਨਾ ਸਿੱਧੀ ਜ਼ਿਲ੍ਹੇ ਦੀ ਸੀ।