ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਵਿਚ ਇਕ ਤਾਲਾਬ ਵਿਚ 14 ਸਾਲਾ ਨਾਬਾਲਗ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਗੁਰਬੀਰ 3 ਦਿਨ ਤੋਂ ਲਾਪਤਾ ਸੀ। ਉਹ ਸਕੂਲ ਤੋਂ ਆ ਕੇ ਮੀਂਹ ਵਿਚ ਨਹਾਉਣ ਦੀ ਜਿਦ ਕਰਕੇ ਘਰ ਤੋਂ ਬਾਹਰ ਗਿਆ ਸੀ। ਪੂਰਾ ਦਿਨ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਅਗਲੇ ਦਿਨ ਜਮਾਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਗੁਰਬੀਰ ਨੂੰ ਕਾਫ਼ੀ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਦੇਰ ਸ਼ਾਮ ਲੋਕਾਂ ਨੇ ਪਿੰਡ ਵਿਚ ਬਣੇ ਛੋਟੇ ਤਲਾਬ ਵਿਚ ਪਾਣੀ ਦੀ ਡੂੰਘਾਈ ਘੱਟ ਹੋਣ ‘ਤੇ ਇਕ ਲਾਸ਼ ਦੇਖੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਵਿਚ ਸੂਚਿਤ ਕੀਤਾ। ਗੁਰਬੀਰ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਤੇ ਲਾਸ਼ ਦੀ ਪਛਾਣ ਕੀਤੀ।
ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੈਰ ਫਿਸਲਣ ਕਾਰਨ ਗੁਰਬੀਰ ਪਾਣੀ ਵਿਚ ਡਿੱਗ ਕੇ ਡੁੱਬ ਗਿਆ ਹੋਵੇਗਾ ਪਰ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰੀਹ ਹੈ। ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਲਾਸ਼ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਪਾਣੀ ਵਿਚ ਡੁੱਬੀ ਰਹਿਣ ਕਾਰਨ ਲਾਸ਼ ਫੁੱਲ ਚੁੱਕੀ ਹੈ। ਲਾਸ਼ ਅੱਜ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।