ਮੁਹਾਲੀ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪਿੱਛਾ ਕਰਦੇ ਹੋਏ ਪੁਲਿਸ ਨੇ ਫ਼ੇਜ਼-3 ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਮੁਹਾਲੀ ਇਲਾਕੇ ਵਿੱਚ ਵਾਹਨ ਚੋਰੀ ਕਰਦੇ ਸਨ।
ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਐਸਐਸਪੀ ਸੰਦੀਪ ਗਰਗ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵੀਰਵਾਰ ਦੇਰ ਰਾਤ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕੀਤੀ ਹੋਈ ਸੀ। ਮੁੱਖ ਅਫ਼ਸਰ ਇੰਸਪੈਕਟਰ ਗੰਬਰ ਸਿੰਘ ਦੀ ਅਗਵਾਈ ਹੇਠ ਥਾਣਾ ਮਟੌਰ ਦੇ ਮਾਈਕਰੋ ਟਾਵਰ ਫ਼ੇਜ਼ 3ਏ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਦੇਰ ਰਾਤ ਚੰਡੀਗੜ੍ਹ ਵੱਲੋਂ ਇੱਕ ਫੋਰਡ ਫਿਗੋ ਕਾਰ ਆਈ.
ਪੁਲਿਸ ਪਾਰਟੀ ਵੱਲੋਂ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਪਹਿਲਾਂ ਹੀ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਟਰੈਫ਼ਿਕ ਕਾਰਨ ਉਹ ਫਸ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ‘ਤੇ ਤਾਇਨਾਤ ਇੰਸਪੈਕਟਰ ਗੰਬਰ ਸਿੰਘ ਅਤੇ ਪੁਲਿਸ ਮੁਲਾਜ਼ਮ ਕਾਰ ਵੱਲ ਵਧੇ ਤਾਂ ਕਾਰ ‘ਚ ਸਵਾਰ ਵਿਅਕਤੀ ਕਾਰ ‘ਚੋਂ ਬਾਹਰ ਆ ਗਏ ਅਤੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਵਾਬ ਵਿੱਚ, ਇੰਸਪੈਕਟਰ ਨੇ ਆਪਣਾ ਅਤੇ ਪੁਲਿਸ ਟੀਮ ਦਾ ਬਚਾਅ ਕਰਦਿਆਂ ਜਵਾਬੀ ਕਾਰਵਾਈ ਕੀਤੀ। ਜਿਸ ਤੋਂ ਬਾਅਦ 2 ਲੜਕੇ ਕਾਰ ‘ਚੋਂ ਉਤਰ ਕੇ ਪਾਰਕ ਵੱਲ ਭੱਜੇ ਅਤੇ ਡਰਾਈਵਰ ਕਾਰ ਦੇ ਅੱਗੇ ਜਾ ਡਿੱਗਿਆ। ਪੁਲਿਸ ਨੇ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਰ ਦੇ ਦੂਜੇ ਪਾਸੇ ਡਿੱਗਣ ਵਾਲੇ ਡਰਾਈਵਰ (ਜਿਸ ਦੀ ਖੱਬੀ ਲੱਤ ਅਤੇ ਗੋਡੇ ‘ਤੇ ਗੋਲੀ ਲੱਗਣ ਕਾਰਨ ਕਾਫ਼ੀ ਖ਼ੂਨ ਵਹਿ ਰਿਹਾ ਸੀ) ਨੂੰ ਸਿਵਲ ਹਸਪਤਾਲ ਫ਼ੇਜ਼ 6 ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਡਰਾਈਵਰ ਦਾ ਨਾਮ ਗੁਰਮੁਖ ਸਿੰਘ ਉਰਫ਼ ਸੈਂਟੀ ਹੈ ਅਤੇ ਉਹ ਪਿੰਡ ਅਲਾਦਾਦਪੁਰ ਥਾਣਾ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ, 2 ਜਿੰਦਾ ਕਾਰਤੂਸ ਅਤੇ ਇਕ ਖੋਲ੍ਹ ਬਰਾਮਦ ਹੋਇਆ ਹੈ। ਦੂਜੇ ਪਾਸੇ ਪਾਰਕ ਵੱਲ ਭੱਜਣ ਵਾਲਿਆਂ ਦੇ ਨਾਂ ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਕਰਨ ਸਿੰਘ ਦੋਵੇਂ ਪਿੰਡ ਗੁੱਲੂ ਮਾਜਰਾ ਥਾਣਾ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਾਸੀ ਦੱਸੇ ਜਾਂਦੇ ਹਨ।
ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਮੁਹਾਲੀ ਤੋਂ ਵਾਹਨ ਚੋਰੀ ਕਰਦਾ ਸੀ। ਇਨ੍ਹਾਂ ਵਿਅਕਤੀਆਂ ਕੋਲੋਂ ਬਰਾਮਦ ਕੀਤੀ ਗਈ ਕਾਰ 5 ਅਤੇ 6 ਜੁਲਾਈ ਦੀ ਦਰਮਿਆਨੀ ਰਾਤ ਨੂੰ ਫ਼ੇਜ਼ 3ਬੀ1 ਤੋਂ ਚੋਰੀ ਹੋ ਗਈ ਸੀ। ਇਸ ਸਬੰਧੀ ਪੁਲਿਸ ਨੇ ਧਾਰਾ 307, 186, 353, 34, 392, 505 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।