Punjab

ਫਿਲਮ ‘ਘੱਲੂਘਾਰਾ’ ਨਾਲ ਸੈਂਸਰ ਬੋਰਡ ਨੇ ਕੀਤਾ ਮਾੜਾ ਸਲੂਕ !

ਬਿਊਰੋ ਰਿਪੋਰਟ : ਪਿਛਲੇ ਦਿਨਾਂ ਦੌਰਾਨ ਫਿਲਮ ‘ਆਦਿਪੁਰਸ਼’ ਦੀ ਰਿਲੀਜ਼ ਤੋਂ ਬਾਅਦ ਕਈ ਲੋਕਾਂ ਨੇ ਸਵਾਲ ਚੁੱਕੇ ਸਨ ਕਿ ਆਖਿਰ ਸੈਂਸਰ ਬੋਰਡ ਨੇ ਕਿਵੇਂ ਸਰਟੀਫਿਕੇਟ ਜਾਰੀ ਕਰ ਦਿੱਤਾ । ਹੁਣ ਇੱਕ ਵਾਰ ਮੁੜ ਤੋਂ ਸੈਂਸਰ ਬੋਰਡ ਸਵਾਲਾਂ ਦੇ ਘੇਰੇ ਵਿੱਚ ਹੈ । ਬੋਰਡ ਨੇ ਪੰਜਾਬੀ ਗਾਇਕ, ਅਦਾਕਾਰ ਦਿਲਜੀਤ ਦੋਸਾਂਝ ਅਤੇ ਅਰਜੁਨ ਰਾਮਪਾਲ ਦੀ ਫਿਲਮ ‘ਘੱਲੂਘਾਰਾ’ ਵਿੱਚ 21 ਕੱਟ ਲਗਾਏ ਹਨ। ਘੱਲ਼ੂਘਾਰਾ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਤਬਾਹੀ। ਕੇਂਦਰੀ ਫਿਲਮ ਪ੍ਰਸਾਰਨ ਬੋਰਡ ਨੇ ਫਿਲਮ ਵਿੱਚ 21 ਕੱਟ ਲੱਗਾਕੇ ਇਸ ਨੂੰ ਸਰਟੀਫਿਕੇਟ ਦਿੱਤਾ ਹੈ। ਇਹ ਨਾਰਮਲ ਨਹੀਂ ਹੈ ਕਿਉਂਕਿ ਇਨ੍ਹੇ ਸਾਰੇ ਕੱਟ ਦੇ ਨਾਲ ਸੈਂਸਰ ਬੋਰਡ ਫਿਲਮ ਨੂੰ U/A ਜਾਂ U ਸਰਟੀਫਿਕੇਟ ਦਿੰਦਾ ਹੈ । ਇਸ ਫਿਲਮ ਦੇ ਪ੍ਰੋਡੂਸਰ ਰਾਨੀ ਸਕਰੂਵਾਲਾ ਦੀ ਕੰਪਨੀ USVP ਮੂਵੀਜ਼ ਨੇ ਕੱਟ ਦੇ ਖਿਲਾਫ਼ ਬਾਂਬੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ । ਫਿਲਮ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਰਟੀਫਿਕੇਟ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ ।

ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ

ਘੱਲੂਘਾਰਾ ਫਿਲਮ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ।

ਗਾਇਡਲਾਇੰਸ ਦੇ ਮੁਤਾਬਿਕ

ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। CBFC ਦੇ ਮੁਤਾਬਿਕ ਫਿਲਮ ਸੰਵੇਦਨਸ਼ੀਲ ਹੈ ਅਤੇ ਫਿਲਮ ਦੇ ਸੀਨ ਅਤੇ ਡਾਇਲਾਗ ਗਾਈਡਲਾਈਨ ਦੇ ਮੁਤਾਬਿਕ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਹਟਾਏ ਗਏ ਡਾਇਲਾਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ । ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ ਹੈ ।