ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਵਿੱਚ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਚਾਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹਮਲਾਵਰਾਂ ਦੀ ਕਾਰ ਵੀ ਬਰਾਮਦ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਹਰਿਆਣਾ ਦੀ ਨੰਬਰ ਪਲੇਟ ਵਾਲੀ ਕਾਰ ਵਿੱਚ ਆਏ ਸਨ। ਹਮਲਾਵਰਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਲਗਾਤਾਰ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਇੱਕ ਛੋਟੀ ਸਫੇਦ ਰੰਗ ਦੀ ਕਾਰ ਵਿੱਚ ਆਏ ਸਨ। ਜਦੋਂ ਕਿ ਜਿਸ ਗੱਡੀ ਦਾ ਨੰਬਰ ਦੱਸਿਆ ਗਿਆ ਹੈ ਉਹ ਸਵਿਫਟ ਡਿਜ਼ਾਇਰ ਹੈ।
ਕੀ ਹੈ ਸਾਰਾ ਮਾਮਲਾ
ਸੀਨੀਅਰ ਪੁਲਿਸ ਸੁਪਰਡੈਂਟ ਵਿਪਿਨ ਟਾਡਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ 5.15 ਵਜੇ ਦੇਵਬੰਦ ਪੁਲਿਸ ਸਟੇਸ਼ਨ ਨੂੰ ਚੰਦਰਸ਼ੇਖਰ ਆਜ਼ਾਦ ‘ਤੇ ਗੋਲੀਬਾਰੀ ਦੀ ਸੂਚਨਾ ਮਿਲੀ, ਜਿਸ ਕਾਰਨ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਟਾਡਾ ਮੁਤਾਬਕ ਗੋਲੀ ਆਜ਼ਾਦ ਦੇ ਪੇਟ ਨੂੰ ਛੂਹਣ ਤੋਂ ਬਾਅਦ ਨਿਕਲੀ ਸੀ ਅਤੇ ਹੁਣ ਪੁਲਿਸ ਉਸ ਵੱਲੋਂ ਦੱਸੀ ਗਈ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਸ ਦੀ ਸਿਹਤ ਬਿਲਕੁਲ ਨਾਰਮਲ ਹੈ।
ਸਿਟੀ ਪੁਲਿਸ ਸੁਪਰਡੈਂਟ ਅਭਿਮਨਿਊ ਮੰਗਲਿਕ ਨੇ ਕਿਹਾ, “ਆਜ਼ਾਦ ਬੁੱਧਵਾਰ ਨੂੰ ਦੇਵਬੰਦ ਵਿੱਚ ਇੱਕ ਪਾਰਟੀ ਵਰਕਰ ਦੇ ਘਰ ਤੋਂ ਛੱਤਮਲਪੁਰ ਵਾਪਸ ਆ ਰਿਹਾ ਸੀ। ਜਦੋਂ ਉਨ੍ਹਾਂ ਦੀ ਗੱਡੀ ਦੇਵਬੰਦ ਇਲਾਕੇ ‘ਚ ਸੀ ਤਾਂ ਹਰਿਆਣਾ ਨੰਬਰ ਦੀ ਕਾਰ ‘ਚ ਸਵਾਰ ਹਮਲਾਵਰਾਂ ਨੇ ਚੰਦਰਸ਼ੇਖਰ ‘ਤੇ ਚਾਰ ਰਾਉਂਡ ਫਾਇਰ ਕੀਤੇ, ਜਿਸ ‘ਚੋਂ ਇਕ ਗੋਲੀ ਉਸ ਦੇ ਪੇਟ ਨੂੰ ਛੂਹ ਕੇ ਨਿਕਲੀ। ਗੋਲੀਬਾਰੀ ਵਿੱਚ ਕਾਰ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਗਏ।”
ਨਿਊਜ਼ ਏਜੰਸੀ ਮੁਤਾਬਕ ਭੀਮ ਆਰਮੀ ਚੀਫ਼ ਨੇ ਕਿਹਾ, “ਮੈਨੂੰ ਬਿਲਕੁਲ ਯਾਦ ਨਹੀਂ ਹੈ ਪਰ ਮੇਰੇ ਲੋਕਾਂ ਨੇ ਉਸ ਨੂੰ ਪਛਾਣ ਲਿਆ। ਉਸ ਦੀ ਕਾਰ ਸਹਾਰਨਪੁਰ ਵੱਲ ਗਈ। ਅਸੀਂ ਯੂ-ਟਰਨ ਲਿਆ। ਘਟਨਾ ਦੇ ਸਮੇਂ ਮੇਰੇ ਛੋਟੇ ਭਰਾ ਸਮੇਤ ਅਸੀਂ ਪੰਜ ਜਣੇ ਕਾਰ ਵਿੱਚ ਸਨ।”
VIDEO | Bhim Army chief Chandrashekhar Azad narrates the incident after being shot at in Uttar Pradesh's Saharanpur earlier today. pic.twitter.com/tGnMFvTKZq
— Press Trust of India (@PTI_News) June 28, 2023
ਆਜ਼ਾਦ ਦੀ ਹਾਲਾਤ ਖਤਰੇ ਤੋਂ ਬਾਹਰ
ਸਿਟੀ ਪੁਲਿਸ ਸੁਪਰਡੈਂਟ ਮੰਗਲੀਕ ਨੇ ਕਿਹਾ, ”ਦੇਵਬੰਦ ਦੇ ਸਰਕਾਰੀ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਜ਼ਖਮੀ ਚੰਦਰਸ਼ੇਖਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਿਲਾ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਵਿੱਚ ਵੀ ਆਜ਼ਾਦ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਆਜ਼ਾਦ ‘ਤੇ ਹਮਲੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਸਮਰਥਕਾਂ ਨੇ ਹਸਪਤਾਲ ‘ਚ ਜੰਮ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਿਨੇਸ਼ ਚੰਦਰ ਅਤੇ ਸੀਨੀਅਰ ਪੁਲਿਸ ਕਪਤਾਨ ਵਿਪਿਨ ਟਾਂਡਾ ਵੀ ਹਸਪਤਾਲ ਪੁੱਜੇ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਭੀਮ ਆਰਮੀ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਗੌਤਮ ਨੇ ਭੀਮ ਆਰਮੀ ਮੁਖੀ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।
ਖ਼ਬਰ ਏਜੰਸੀ ਪੀਟੀਆਈ ਵੱਲੋਂ ਜਾਰੀ ਟਵੀਟ ਵਿੱਚ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਲੜਾਈ ਸੰਵਿਧਾਨਕ ਤਰੀਕੇ ਨਾਲ ਲੜਾਂਗੇ।
VIDEO | Bhim Army chief Chandrashekhar Azad, who was injured when unidentified assailants opened fire on his car in Deoband earlier today, urges his followers to maintain peace as they gather outside the hospital where he is undergoing treatment. pic.twitter.com/Fw9vKpDcKY
— Press Trust of India (@PTI_News) June 28, 2023
ਕੌਣ ਹਨ ਚੰਦਰਸ਼ੇਖਰ ਆਜ਼ਾਦ?
ਚੰਦਰਸ਼ੇਖਰ ਆਜ਼ਾਦ ਇੱਕ ਵਕੀਲ ਅਤੇ ਦਲਿਤ-ਬਹੁਜਨ ਅਧਿਕਾਰ ਕਾਰਕੁਨ ਅਤੇ ਸਿਆਸਤਦਾਨ ਹਨ। ਉਹ ਇੱਕ ਅੰਬੇਡਕਰਵਾਦੀ, ਭੀਮ ਆਰਮੀ ਦੇ ਸਹਿ-ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਹਨ। ਚੰਦਰਸ਼ੇਖਰ ਆਜ਼ਾਦ ਦਾ ਜਨਮ 3 ਦਸੰਬਰ 1986 ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਛੱਤਮੂਲਪੁਰ ਕਸਬੇ ਵਿੱਚ ਹੋਇਆ ਸੀ। ਉਸ ਲੋਕਾਂ ਵਿੱਚ ਐਨੇ ਮਸ਼ਹੂਰ ਹੋ ਗਿਆ ਸੀ ਕਿ ਉਸਦੀ ਸ਼ਵੀ ਦਾ ਇਸ ਗੱਲ ਤੋਂ ਹੀ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਫਰਵਰੀ 2021 ਵਿੱਚ, ਟਾਈਮ ਮੈਗਜ਼ੀਨ ਨੇ ਉਸਨੂੰ 100 ਰਾਈਜ਼ਿੰਗ ਲੀਡਰਾਂ ਦੀ ਸਾਲਾਨਾ ਸੂਚੀ ਵਿੱਚ ਸ਼ਾਮਲ ਕੀਤਾ।
ਭੀਮ ਆਰਮੀ ਦੀ ਸਥਾਪਨਾ ਚੰਦਰਸ਼ੇਖਰ ਆਜ਼ਾਦ, ਸਤੀਸ਼ ਕੁਮਾਰ ਅਤੇ ਵਿਨੈ ਰਤਨ ਸਿੰਘ ਨੇ 2014 ਵਿੱਚ ਕੀਤੀ ਸੀ। ਇਹ ਸੰਸਥਾ ਸਿੱਖਿਆ ਰਾਹੀਂ ਭਾਰਤ ਵਿੱਚ ਦਲਿਤਾਂ ਦੀ ਮੁਕਤੀ ਲਈ ਕੰਮ ਕਰਦੀ ਹੈ। 2019 ਵਿੱਚ, ਉਸਨੇ ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਸਪਾ/ਬਸਪਾ ਗਠਜੋੜ ਦਾ ਸਮਰਥਨ ਕਰਦੇ ਹੋਏ ਪਿੱਛੇ ਹਟ ਗਿਆ ਸੀ।