‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਇਸਲਾਮਾਬਾਦ ਦੇ ਨੈਸ਼ਨਲ ਪ੍ਰੈਸ ਕਲੱਬ ‘ਚ ਪ੍ਰਬੰਧਕੀ ਕਮੇਟੀ ਦੀਆਂ 19 ਅਗਸਤ ਨੂੰ ਚੋਣਾਂ ਹੋਈਆਂ ਸਨ, ਜਿਸ ‘ਚ ਪਹਿਲੇ ਪਾਕਿਸਤਾਨੀ ਸਿੱਖ ਨੂੰ ਮੈਂਬਰ ਚੁਣਿਆ ਗਿਆ ਹੈ। ਹਰਮੀਤ ਸਿੰਘ ਨੇ ਕੁੱਲ 775 ਵੋਟਾਂ ਹਾਸਲ ਕਰਕੇ 7ਵਾਂ ਸਥਾਨ ਹਾਸਲ ਕੀਤਾ।
ਇਸ ਮੌਕੇ ਹਰਮੀਤ ਸਿੰਘ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇੰਨ੍ਹਾਂ ਚੋਣਾਂ ‘ਚ 15 ਮੈਂਬਰ ਹੀ ਬਣਦੇ ਹਨ, ਤੇ ਮੁਕਾਬਲਾ ਕਾਫੀ ਸਖ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰੇੱਸ ਕਲੱਬ ਹੈ, ਇਸ ‘ਚ ਇਸਾਈ ਤੇ ਹਿੰਦੂ ਘਟਗਿਣਤੀ ਭਾਈਚਾਰੇ ‘ਚੋਂ ਵੀ ਕਈ ਵਾਰ ਮੈਂਬਰ ਬਣੇ ਹਨ, ਪਰ ਸਿੱਖਾਂ ‘ਚੋਂ ਪਹਿਲੀ ਵਾਰ ਉਨ੍ਹਾਂ ਵੱਲੋਂ ਚੋਣ ਲੜੀ ਗਈ ਤੇ ਜਿੱਤ ਵੀ ਹਾਸਲ ਕੀਤੀ ਗਈ।
ਦਰਅਸਲ ਹਰਮੀਤ ਸਿੰਘ ਪਾਕਿਸਤਾਨ ਦੇ ਨਿਊਜ਼ ਚੈਨਲ ਦੇ ਪਹਿਲੇ ਸਿੱਖ ਜਰਨਲਿਸਟ ਵੀ ਹਨ, ਜਿਸ ਨੂੰ ਇੱਕ ਟੀ.ਵੀ. ਚੈਨਲ ਨੇ ਐਂਕਰ ਵਜੋਂ ਰੱਖਿਆ ਗਿਆ ਹੈ। ਹਰਮੀਤ ਸਿੰਘ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਕੇਸਰ ਦਾ ਰਹਿਣ ਵਾਲਾ ਹੈ। ਇੱਕ ਟੀਵੀ ਇੰਟਰਵਿਊ ‘ਚ ਉਸ ਨੂੰ ਨਵੇਂ ਨਿਊਜ਼ ਐਂਕਰ ਵਜੋਂ ਪੇਸ਼ ਕਰ ਸਵਾਗਤ ਕੀਤਾ ਗਿਆ।
ਹਰਮੀਤ ਸਿੰਘ ਨੇ ਟੈਲੀਵਿਜ਼ਨ ‘ਤੇ ਸਿੱਖ ਭਾਈਚਾਰੇ ਦਾ ਚਿਹਰਾ ਬਣਨ ਦਾ ਮੌਕਾ ਮਿਲਣ’ ਤੇ ਖੁਸ਼ੀ ਜ਼ਾਹਰ ਕੀਤੀ। ਉਹ ਪਾਕਿਸਤਾਨ ਦੀ ਇੱਕ ਸੰਘੀ ਯੂਨੀਵਰਸਿਟੀ ਤੋਂ ਪੱਤਰਕਾਰੀ ‘ਚ ਪੋਸਟ ਗ੍ਰੈਜੂਏਟ ਹਨ। ਖ਼ਾਸ ਗੱਲ ਇਹ ਹੈ ਕਿ ਇੱਕ ਮਹੀਨਾ ਪਹਿਲਾਂ ਇਕ ਸਿੱਖ ਔਰਤ ਨੇ ਵੀ ਪਾਕਿਸਤਾਨ ‘ਚ ਇਤਿਹਾਸ ਰਚਿਆ ਸੀ, ਜਦੋਂ ਉਹ ਇੱਕ ਹੋਰ ਪਾਕਿਸਤਾਨੀ ਟੀਵੀ ਚੈਨਲ ਵਿੱਚ ਖ਼ਬਰਾਂ ਦੀ ਰਿਪੋਰਟਰ ਵਜੋਂ ਸ਼ਾਮਲ ਹੋਈ ਸੀ
Comments are closed.