ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੋਂ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਗਏ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਪਰ ਇਨਸਾਫ ਜਿੱਥੇ ਇੱਕ ਸਾਲ ਪਹਿਲਾਂ ਖੜ੍ਹਾ ਸੀ ਉੱਥੇ ਹੀ ਅੱਜ ਖੜ੍ਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਪੂਰੀ ਦੁਨੀਆ ਵਿੱਚ ਮਸ਼ਹੂਰ ਗਾਇਕ ਸਿੱਧੂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਦਾ ਕੀ ਹੁੰਦਾ ਹੋਵੇਗਾ।
ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦੀ ਸਰਕਾਰ ਸੁਣ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਸੁਣ ਰਿਹਾ ਹੈ। ਚਰਨ ਕੌਰ ਨੇ ਕਿਹਾ ਕਿ ਸਮਾਂ ਬਦਲਦਾ ਰਹਿੰਦਾ ਹੈ “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ।
ਉਨਾਂ ਨੇ ਸਮੇਂ ਦੇ ਸ਼ਾਸਕਾਂ ਨੂੰ ਤਾੜਦੇ ਹੋਏ ਕਿਹਾ ਕਿ ਸਿੱਧੂ ਕਰੋੜਾਂ ਫੈਨ ਉਨ੍ਹਾਂ ਦੀ ਝੋਲੀ ਵਿੱਚ ਪਾ ਕੇ ਗਿਆ ਜੋ ਕਿ ਉਨ੍ਹਾਂ ਦੇ ਦੁੱਖ ‘ਚ ਸ਼ਾਮਲ ਹੋਣ ਲਈ ਆਉਂਦੇ ਹਨ ਪਰ ਜਦੋਂ ਸਰਕਾਰਾਂ ਬਦਲੀਆਂ ਤਾਂ ਇਨ੍ਹਾਂ ਦੇ ਨਾਲ ਕਿਸੇ ਨੇ ਵੀ ਨਹੀਂ ਖੜਨਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮਰ ਕੇ ਵੀ ਪਹਿਲਾਂ ਨਾਲੋਂ ਜ਼ਿਆਦਾ ਬੜਾ ਪ੍ਰਸਿੱਧ ਹੋ ਗਿਆ ਜੋ ਕਿ ਸਿੱਧੂ ਦੇ ਵਿਰੋਧੀਆਂ ਲਈ ਸ਼ਰਮ ਵਾਲੀ ਗੱਲ ਹੈ। ਉਹਨਾਂ ਨੇ ਬਲਤੇਜ ਪੰਨੂੰ ਬਾਰੇ ਬੋਲਦਿਆਂ ਕਿਹਾ ਕਿ ਬਲਤੇਜ ਪੰਨੂੰ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਇਸ ਕਰਕੇ ਐਕਟਿਵ ਜ਼ਿਆਦਾ ਰਹਿਣ ਲੱਗ ਪਿਆ ਹੈ ਕਿਉਂਕਿ ਉਸਨੂੰ ਭੁਲੇਖਾ ਹੈ ਕਿ ਲੋਕ ਉਸਨੂੰ ਮੁਆਫ਼ ਕਰ ਦੇਣਗੇ ਪਰ ਲੋਕ ਉਸਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਚਰਨ ਕੌਰ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਕੋਈ ਵੀ ਇੱਥੇ ਸੱਚ ਨਹੀਂ ਬੋਲ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਿੱਧੂ ਵਾਂਗ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸਨੂੰ ਜਾਂ ਤਾਂ ਖਤਮ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ।