‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ। ਮੁਲਾਜ਼ਮਾਂ ਦੀਆਂ ਗੈਰ-ਵਿੱਤੀ ਮੰਗਾਂ ਦਾ ਡਰਾਫਟ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਹਨ। ਇਸ ‘ਤੇ ਆਖਰੀ ਫੈਸਲਾ ਮੁੱਖ ਮੰਤਰੀ ਹੀ ਕਰਨਗੇ। ਪਰ ਮੁਲਾਜ਼ਮਾਂ ਦਾ ਕਹਿਣਾ ਕਿ ਜਦ ਤੱਕ ਉਹ ਵਿੱਤ ਮੰਤਰੀ ਨਾਲ ਮੁਲਾਕਾਤ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਆਪਣਾ ਫੈਸਲਾ ਨਹੀਂ ਸੁਣਾਉਂਣਗੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਮੰਗਲਵਾਰ ਨੂੰ ਹੋਵੇਗੀ।
ਗ਼ੈਰ ਵਿੱਤੀ ਮੰਗਾਂ ਸਬੰਧੀ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਨੇ ਕਿਹਾ ਕਿ ਮਹਿਕਮਿਆਂ ਵਿਚ ਕੀਤਾ ਜਾ ਰਿਹਾ ਪੁਨਰਗਠਨ ਬੰਦ ਕੀਤਾ ਜਾਵੇ। ਸਰਕਾਰ ਨੌਕਰੀਆਂ ਖਤਮ ਕਰ ਰਹੀ ਹੈ, ਜਿਵੇਂ ਕਿ ਜਲ ਸਪਲਾਈ ਵਿਭਾਗ ਵਿੱਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੈਨੋਗ੍ਰਾਫਰ ਦੀ ਤਰੱਕੀ ਲਈ ਪੰਜਾਹ ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੈਸਟ ਮੁਆਫ਼ ਕੀਤਾ ਜਾਵੇ।
ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅੱਜ ਸ਼ਾਮ ਤੱਕ ਸਾਡੀਆਂ ਮੰਗਾਂ ਮੰਨ ਕੇ ਅਥਾਰਟੀ ਲੈਟਰ ਜਾਰੀ ਕਰੇਗੀ ਤਾਂ ਅਸੀਂ ਆਪਣੀ ਹੜਤਾਲ ਖਤਮ ਕਰਨ ‘ਤੇ ਵਿਚਾਰ ਕਰ ਸਕਦੇ ਹਾਂ, ਜਦਕਿ ਆਖ਼ਰੀ ਫ਼ੈਸਲਾ ਵਿੱਤ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਹੀ ਲਿਆ ਜਾਵੇਗਾ।
ਹੜਤਾਲ ‘ਤੇ ਗਏ ਮੁਲਾਜ਼ਮਾਂ ਨੇ ਵਿੱਤ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੇ ਤਨਖਾਹਾਂ ਦੇ ਕੇ ਸਾਡੇ ‘ਤੇ ਕੋਈ ਅਹਿਸਾਨ ਨਹੀਂ ਕੀਤਾ। ਪੰਜਾਬ ਸਰਕਾਰ ਦੇ ਕੁੱਲ 3.74 ਲੱਖ ਦੇ ਕਰੀਬ ਮੁਲਾਜ਼ਮ ਹਨ ਤੇ ਇਨ੍ਹਾਂ ਚੋਂ ਕਰੀਬ 60 ਹਜ਼ਾਰ ਮੁਲਾਜ਼ਮ ਹੜਤਾਲ ‘ਤੇ ਹਨ। ਚੰਡੀਗੜ੍ਹ ਵਿੱਚ ਤਾਇਨਾਤ 35,000 ਤੋਂ ਵੱਧ ਮੁਲਾਜ਼ਮ ਹੜਤਾਲ ‘ਤੇ ਹਨ।
ਸਰਕਾਰ ‘ਤੰਜ ਕਸਦਿਆਂ ਮੁਲਾਜ਼ਮਾਂ ਨੇ ਕਿਹਾ “ਤੁਹਾਡੇ MLA ਵੇਹਲੇ ਬੈਠੇ ਵੀ ਤਨਖਾਹਾਂ ਲੈ ਰਹੇ ਹਨ। ਵਿਧਾਇਕ ਪੰਦਰਾਂ ਹਜ਼ਾਰ ਮੋਬਾਈਲ ਭੱਤਾ ਲੈ ਰਹੇ ਹਨ। ਜੇਕਰ ਤੁਸੀਂ ਕਟੌਤੀ ਕਰਨੀ ਹੈ ਤਾਂ ਮੰਤਰੀ, ਵਿਧਾਇਕ, IAS, IPS ਅਫਸਰਾਂ ਤੋਂ ਸ਼ੁਰੂ ਕੀਤਾ ਜਾਵੇ”।