India Punjab

NIA ਨੇ ਪੰਜਾਬ-ਹਰਿਆਣਾ ਦੇ ਇਨ੍ਹਾਂ 8 ਜਣਿਆ ‘ਤੇ ਐਲਾਨਿਆ 5 ਲੱਖ ਤੱਕ ਦਾ ਇਨਾਮ…

NIA has announced a reward of up to 5 lakhs on these 8 gangsters of Punjab-Haryana

ਚੰਡੀਗੜ੍ਹ : ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਹਰਿਆਣਾ ਅਤੇ ਪੰਜਾਬ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ ‘ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ ਵਿੱਚ ਬੰਬੀਹਾ ਸਿੰਡੀਕੇਟ ਨੂੰ ਆਪ੍ਰੇਟ ਕਰਨ ਵਾਲਾ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਸਰਗਨਾ ਸੰਦੀਪ ਉਰਫ਼ ਬੰਦਰ ਸ਼ਾਮਲ ਹਨ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਸਨ। ਇਨ੍ਹਾਂ ‘ਚੋਂ ਕੁਝ ਵਿਦੇਸ਼ਾਂ ‘ਚ ਲੁਕ ਕੇ ਸਾਰਾ ਨੈੱਟਵਰਕ ਚਲਾ ਰਹੇ ਹਨ।

ਐਨਆਈਏ ਨੇ ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਗੁਰੂਗ੍ਰਾਮ ਦੇ ਸ਼ਿਵਾਜੀ ਨਗਰ ਵਾਸੀ ਨੀਰਜ ਉਰਫ਼ ਪੰਡਿਤ, ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਨਿਵਾਸੀ ਸੰਦੀਪ ਉਰਫ ਬੰਦਰ, ਕਰਨਾਲ ਵਿੱਚ ਅਸੰਧ ਦੇ ਰਹਿਣ ਵਾਲੇ ਲੇਰ ਸਿੰਘ ਉਰਫ ਦਲੇਰ ਸਿੰਘ ਉਰਫ ਕੋਟੀਆ, ਲੁਧਿਆਣਾ ਦੇ ਗੁਰਪਿੰਦਰ ਸਿੰਘ ਉਰਫ ਬਾਬਾ ਦੱਲਾ, ਮੋਗਾ ਨਿਵਾਸੀ ਸੁਖਦੂਰ ਸਿੰਘ ਉਰਫ ਸੁੱਖਾ ਦੁਨੇਕੇ ‘ਤੇ 1-1 ਲੱਖ ਰੁਪਏ ਤੇ ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਡੱਲਾ ਤੇ ਗੌਰਵ ਪਟਿਆਲ ਉਰਫ ਸੌਰਵ ਠਾਕੁਰ ਉਰਫ ਲੱਕੀ ਪਟਿਆਲ ‘ਤੇ 5 ਲੱਖ ਰੁਪਏ ਦਾ ਇਨਾਮ ਰਖਿਆ ਗਿਆ ਹੈ।

ਇਨ੍ਹਾਂ ਸਭ ਮੋਸਟ ਵਾਂਟੇਡ ਅਪਰਾਧੀਆਂ ਨੂੰ ਇਸ਼ਤਿਹਾਰ ਦੇ ਨਾਲ ਉਨ੍ਹਾਂ ‘ਤੇ ਇਨਾਮ ਦੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਜਨਤਕ ਕੀਤਾ ਗਿਆ ਹੈ। ਐਨਆਈਏ ਨੇ ਕਿਹਾ ਕਿ ਜੇ ਕਿਸੇ ਬੰਦੇ ਨੂੰ ਉਨ੍ਹਾਂ ਨਾਲ ਜੁੜੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਏਜੰਸੀ ਨੂੰ ਸੂਚਿਤ ਕਰੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

ਰਾਸ਼ਟਰੀ ਜਾਂਚ ਏਜੰਸੀ ਪਿਛਲੇ ਇਕ ਸਾਲ ਤੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ ਅਤੇ ਹੋਰ ਰਾਜਾਂ ਵਿੱਚ ਛਾਪੇਮਾਰੀ ਕਰ ਚੁੱਕੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਗੈਂਗਸਟਰ ਭਾਰਤ ਛੱਡ ਕੇ ਵਿਦੇਸ਼ਾਂ ‘ਚ ਲੁਕੇ ਹੋਏ ਹਨ। ਅਰਸ਼ਦੀਪ ਉਰਫ ਡੱਲਾ ਕੈਨੇਡਾ ਅਤੇ ਲੱਕੀ ਪਟਿਆਲ ਅਰਮੇਨੀਆ ਵਿੱਚ ਬੈਠ ਕੇ ਸਾਰਾ ਨੈੱਟਵਰਕ ਚਲਾ ਰਿਹਾ ਹੈ।