ਜਗਰਾਓਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਅਖੀਰ ਲੰਮੇ ਸੰਘਰਸ਼ ਤੋਂ ਬਾਅਦ ਅੱਜ ਐੱਨਆਰਆਈ ਬਜ਼ਰਗ ਮਾਤਾ ਨੂੰ ਮੁੜ ਮਿਲ ਹੀ ਗਈ। ਦੇਰ ਸ਼ਾਮ ਐੱਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿਖੇ ਐੱਨਆਰਆਈ ਅਮਰਜੀਤ ਕੌਰ ਨਾਲ ਕੈਨੇਡਾ ਤੋਂ ਆਈ ਨੂੰਹ ਕੁਲਦੀਪ ਕੌਰ ਧਾਲੀਵਾਲ ਸਹਿਯੋਗੀਆਂ ਸਮੇਤ ਪਹੁੰਚੇ।
ਇਸ ਕੋਠੀ ਨੂੰ ਖਰੀਦਣ ਵਾਲੇ ਕਰਮ ਸਿੰਘ ਵੀ ਪਹੁੰਚੇ ਹੋਏ ਸਨ। ਐਸਪੀ ਦੇ ਦਫ਼ਤਰ ਵਿਚ ਬੰਦ ਕਮਰਾ ਮੀਟਿੰਗ ਤੋਂ ਬਾਅਦ ਦੋਵੇਂ ਧਿਰਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਹਿਮਤੀ ਹੋਈ। ਇਸ ਤੋਂ ਬਾਅਦ ਕੋਠੀ ਖਰੀਦਣ ਵਾਲੇ ਕਰਮ ਸਿੰਘ ਨੇ ਕੋਠੀ ਦੀਆ ਚਾਬੀਆਂ ਸੌਂਪ ਦਿੱਤੀਆਂ। ਸੰਤੁਸ਼ਟੀ ਪ੍ਰਗਟ ਕਰਦਿਆਂ ਐਨਆਰਆਈ ਪਰਿਵਾਰ ਨੇ ਸੰਘਰਸ਼ ਲਈ ਸਾਥ ਦੇਣ ਵਾਲੇ ਹਰ ਸ਼ਖਸ ਦੀ ਜਿੱਤ ਦੱਸਿਆ।
ਅੱਜ ਪੁਲਿਸ ਲੁਧਿਆਣਾ ਦਿਹਾਤੀ ਦੇ ਐਸ ਪੀ ਹਰਿੰਦਰ ਸਿੰਘ ਪਰਮਾਰ ਦੀ ਹਾਜ਼ਰੀ ਵਿੱਚ ਹੀਰਾ ਬਾਗ ਵਾਲੀ ਕੋਠੀ ਦੀਆਂ ਚਾਬੀਆਂ ਐਨਆਰਆਈ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐਨ ਆਰ ਆਈ ਅਮਰਜੀਤ ਕੌਰ ਨੇ ਕਿਹਾ ਹੈ ਕਿ ਭਾਵੇਂ ਉਹਨਾਂ ਨੂੰ ਕੋਠੀ ਦਾ ਕਬਜ਼ਾ ਮਿਲ ਗਿਆ ਹੈ ਪਰ ਉਹਨਾਂ ਦੀ ਮੰਗ ਹੈ ਕਿ ਜੋ ਸਾਨੂੰ ਖੱਜਲ-ਖਰਾਬੀ ਹੋਈ ਹੈ ਉਸ ਦੇ ਇਵਜ਼ ਵਜੋਂ ਅਸ਼ੋਕ ਕੁਮਾਰ ਤੋਂ ਇਲਾਵਾ ਕਰਮਜੀਤ ਸਿੰਘ , ਸਰਬਜੀਤ ਕੌਰ ਮਾਣੂਕੇ ਅਤੇ ਪ੍ਰੋਫੈਸਰ ਸੁਖਵਿੰਦਰ ਸੁੱਖੀ ਉਪਰ ਵੀ ਮਾਮਲਾ ਦਰਜ ਕੀਤਾ ਜਾਣਾ ਬਣਦਾ ਹੈ।
ਪਿਛਲੇ ਕਈ ਦਿਨਾਂ ਤੋਂ ਇੱਕ ਐਨ ਆਰ ਆਈ ਪਰਵਾਰ ਵੱਲੋਂ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਉਪਰ ਦੋਸ਼ ਲਗਾ ਕੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਬੀਬੀ ਵੱਲੋਂ ਉਹਨਾਂ ਦੀ ਹੀਰਾ ਬਾਗ਼ ਅੰਦਰ ਬੰਦ ਪਈ ਕੋਠੀ ਦੇ ਤਾਲੇ ਤੋੜ ਕੇ ਨਜਾਇਜ਼ ਤੌਰ ਉਪਰ ਕਬਜ਼ਾ ਕਰ ਲਿੱਤਾ ਗਿਆ ਸੀ ਅਤੇ ਇਹ ਮੁੱਦਾ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਸੀ।