Punjab

‘SGPC ਕੋਲ ਹੁਣ 2 ਹੀ ਰਸਤੇ’! ‘ਸੁਖਬੀਰ ਸਿੰਘ ਬਾਦਲ ਚੈਨਲ ਨੂੰ ਖਾਲਸਾ ਪੰਥ ਨੂੰ ਭੇਂਟ ਕਰੇ ਜਾਂ ਸ਼੍ਰੋਮਣੀ ਕਮੇਟੀ ਇਹ ਸਖ਼ਤ ਫੈਸਲਾ ਲਏ …!

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਚਖੰਡ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੇ ਲਈ 20 ਜੂਨ ਨੂੰ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023’ਪੇਸ਼ ਕਰਨ ਨੂੰ ਲੈਕੇ SGPC ਨੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਭਾਵੇ ਜਿੰਨੇ ਮਰਜ਼ੀ ਬਿੱਲ ਪਾਸ ਕਰ ਲਏ ਇਸ ਦਾ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਉਧਰ ਪੰਥਕ ਧਿਰਾ ਦਾ ਬਿਆਨ ਸਾਹਮਣੇ ਆਇਆ ਹੈ। ਦਲ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ 2 ਹੀ ਰਸਤੇ ਹਨ, ਪਹਿਲਾਂ ਕਿ ਸੁਖਬੀਰ ਬਾਦਲ ਵੱਡਾ ਦਿਲ ਦਿਖਾਉਦੇ ਹੋਏ ਪੀ.ਟੀ.ਸੀ ਗੁਰਬਾਣੀ ਚੈਨਲ ਖਾਲਸਾ ਪੰਥ ਨੂੰ ਭੇਟ ਕਰ ਦੇਣ ਅਤੇ ਅਗਰ ਉਹ ਅਜਿਹਾ ਨਹੀਂ ਕਰਦੇ ਤਾਂ ਸ਼੍ਰੋਮਣੀ ਕਮੇਟੀ ਆਪਣਾ ਖ਼ੁਦ ਦਾ ਚੈਨਲ ਲਾਂਚ ਕਰੇ।

ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਟੇਟ ਦੀ ਦਖਲਅੰਦਾਜ਼ੀ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਦਲ ਖ਼ਾਲਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੀਟੀਸੀ ਗੁਰਬਾਣੀ ਚੈਨਲ ਦੇ ਮਾਲਕੀ ਹੱਕ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਲਈ ਕਿਹਾ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਫਤ ਗੁਰਬਾਣੀ ਪ੍ਰਸਾਰਣ ਅਧਿਕਾਰਾਂ ਲਈ ਕਾਨੂੰਨ ਲਿਆਉਣ ਦੇ ਐਲਾਨ ਦੇ ਸੰਦਰਭ ਵਿੱਚ ਦਲ ਖਾਲਸਾ ਦੇ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭੈੜੀ ਨੀਅਤ ਅਤੇ ਮਨਸੂਬੇ ਨੂੰ ਨੱਥ ਪਾਉਣ ਲਈ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਦੋ ਹੀ ਰਸਤੇ ਹਨ।

ਉਹਨਾਂ ਕਿਹਾ ਕਿ ਸੁਖਬੀਰ ਨੇ ਪੀ.ਟੀ.ਸੀ. ‘ਤੇ ਲਾਈਵ ਗੁਰਬਾਣੀ ਦੇ ਪ੍ਰਸਾਰਣ ਦੇ ਏਕਾਅਧਿਕਾਰ ਸਦਕਾ ਕਾਫੀ ਦੌਲਤ ਇਕੱਠੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਸੁਖਬੀਰ ਲਈ ਗੁਰੂ ਦੀ ਸੰਗਤ ਨੂੰ ਉਸ ਕਮਾਈ ਵਿੱਚੋਂ ਦਸਵੰਧ ਮੋੜਣ ਦਾ ਸਹੀ ਸਮਾਂ ਹੈ। ਉਨ੍ਹਾਂ ਨੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ ਅਤੇ ਸਟੇਟ ਨੂੰ ਸਿੱਖਾਂ ਦੇ ਮਾਮਲਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ।