ਬਿਊਰੋ ਰਿਪੋਰਟ : ਪੰਜਾਬ ਦੀ ਸਿਆਸਤ ਇੱਕ ਵਾਰ ਮੁੜ ਤੋਂ ਨਿੱਜੀ ਹਮਲਿਆਂ ਵਿੱਚ ਉਲਝਦੀ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਾਗਲ ਕਹਿਣ ਦੇ ਬਿਆਨ ਤੋਂ ਬਾਅਦ ਸੀ ਐੱਮ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਸੀ ‘ਕਿ ਘੱਟੋਂ ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ …।
ਮਾਨ ਦੀ ਹਮਾਇਤ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦੇ ਮੁੱਖ ਮੰਤਰੀ ਮਾਨ ਦੇ ਰਾਜ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕਰ ਦਿੱਤੀ ਤਾਂ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦਾ ਜਵਾਬ ਆਇਆ, ਉਨ੍ਹਾਂ ਨੇ ਭਗਵੰਤ ਮਾਨ ‘ਤੇ ਨਿੱਜੀ ਹਮਲਾ ਕਰਦੇ ਹੋਏ ਜਵਾਬ ਦੇਣ ਲਈ ਉਨ੍ਹਾਂ ਦੀ ਪਹਿਲੀ ਪਤਨੀ ਨੂੰ ਵਿੱਚ ਲੈ ਆਏ।
ਮਾਨ ਦੀ ਹਮਾਇਤ ਵਿੱਚ ਹਰਜੋਤ ਬੈਂਸ ਦਾ ਟਵੀਟ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਗਲ ਕਹਿਣ ਖ਼ਿਲਾਫ਼ ਟਵੀਟ ਕਰਦੇ ਹੋਏ ਲਿਖਿਆ ਸੀ ‘ਸੁਖਬੀਰ ਸਿੰਘ ਬਾਦਲ ਜੀ,ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ ਹਾਲੇ ਵੀ ਤੁਸੀਂ ਹੰਕਾਰ ਵਿੱਚ ਹੋ? ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ @BhagwantMann ਜੀ ਸਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਤੁਸੀਂ ਸ. ਮਾਨ ਜੀ ਨੂੰ ਮੰਦਾ ਨਹੀਂ ਬੋਲਿਆ ਸਗੋਂ, ਪੰਜਾਬ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ, ਜੋ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।’ ਇਸ ਦੇ ਜਵਾਬ ਵਿੱਚ ਵਲਟੋਹਾ ਨੇ ਲਿਖਿਆ ।
ਸੁਖਬੀਰ ਸਿੰਘ ਬਾਦਲ ਜੀ, ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ ਹਾਲੇ ਵੀ ਤੁਸੀਂ ਹੰਕਾਰ ਵਿੱਚ ਹੋ?
ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ @BhagwantMann ਜੀ ਸਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ।
ਤੁਸੀਂ ਸ. ਮਾਨ ਜੀ ਨੂੰ ਮੰਦਾ ਨਹੀਂ ਬੋਲਿਆ ਸਗੋਂ ਪੰਜਾਬ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ ਜੋ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। https://t.co/83ZkKdvtQm
— Harjot Singh Bains (@harjotbains) June 15, 2023
ਵਲਟੋਹਾ ਦਾ ਜਵਾਬ
‘ਮੰਤਰੀ ਹਰਜੋਤ ਬੈਂਸ ਵੱਲੋਂ ਭਗਵੰਤ ਮਾਨ ਦੀ ਖ਼ੁਸ਼ਾਮਦੀ ਕਰਦਿਆਂ ਕੀਤੇ ਟਵੀਟ ਦੀ ਮੈਂ ਪੁਰਜ਼ੋਰ ਨਿੰਦਾ ਕਰਦਾ ਹਾਂ। ਬੈਂਸ ਸਾਹਬ ! ਜਿਸ ਬੰਦੇ ਨੂੰ ਉਸ ਦੀਆਂ “ਆਦਤਾਂ” ਕਰਕੇ ਉਸ ਦਾ ਪਰਿਵਾਰ ਛੱਡ ਕੇ ਚਲਾ ਜਾਵੇ, ਉਸ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਨਾਲ ਕਰਨੀ ਵੱਡਾ ਗੁਨਾਹ ਅਤੇ ਸਮੂਹ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੋਸ ਪਹੁੰਚਾਉਣ ਵਾਲਾ ਕਦਮ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ‘ਚ ਤਾਂ ਗਲ ਵਿੱਚ ਸੋਨੇ ਦਾ ਕੈਂਠਾ ਪਾਕੇ ਛੱਡਿਆ ਕੁੱਤਾ ਵੀ ਸਾਰਾ ਬਾਜ਼ਾਰ ਘੁੰਮਦੇ ਕੈਂਠੇ ਸਮੇਤ ਵਾਪਸ ਘਰ ਆ ਜਾਂਦਾ ਸੀ। ਪਰ ਭਗਵੰਤ ਮਾਨ ਦੇ ਰਾਜ ਵਿੱਚ ਅੱਜ ਕੌਣ ਸੁਰੱਖਿਅਤ ਹੈ ? ਪੰਜਾਬੀਆਂ ਦੀ ਤਾਂ ਛੱਡੋ,ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਲੇ NRIs ਦੀਆਂ ਕੋਠੀਆਂ ਤੁਹਾਡੇ ਵਿਧਾਇਕਾਂ ਵੱਲੋਂ ਸ਼ਰੇਆਮ ਮੱਲੀਆਂ ਜਾ ਰਹੀਆਂ ਹਨ। “ਸਤਿਕਾਰਯੋਗ” ਭਗਵੰਤ ਮਾਨ ਹੋਰਾਂ ਦੀ ਪਹਿਲੀ ਪਤਨੀ ਵੀ ਸ਼ੁਰੂ- ਸ਼ੁਰੂ ਵਿੱਚ ਕਹਿੰਦੀ ਸੀ ਕਿ ਮੇਰੇ ਪਤੀ ਵਰਗਾ ਦੁਨੀਆ ਵਿੱਚ ਹੀ ਹੋਰ ਕੋਈ ਨਹੀਂ ਹੈ।ਪਰ ਅੱਜ ਵਿਚਾਰੀ ਧਾਹਾਂ ਮਾਰਦੀ ਹੈ ਅਤੇ ਉਸ ਘੜੀ ਨੂੰ ਕੋਸਦੀ ਹੈ ਜਦੋਂ ਭਗਵੰਤ ਮਾਨ ਉਸ ਦੀ ਜ਼ਿੰਦਗੀ ‘ਚ ਆਇਆ ਸੀ। ਬੇਨਤੀ ਆ ਟਵੀਟ ਸੋਚ ਸਮਝ ਕੇ ਕਰਿਆ ਕਰੋ’।
ਭਗਵੰਤ ਸਿੰਘ ਮਾਨ ਦਾ ਟਵੀਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਪਾਗਲ ਕਹਿਣ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ…ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ… ।
ਲੋਕ ਦੇਣਗੇ ਜਵਾਬ
ਪੰਜਾਬ ਦੀ ਬਿਆਨਬਾਜ਼ੀਆਂ ਦਾ ਪੱਧਰ ਇਸ ਕਦਰ ਡਿੱਗ ਗਿਆ ਹੈ ਕਿ ਇੱਕ ਦੂਜੇ ‘ਤੇ ਜਿਸ ਤਰ੍ਹਾਂ ਨਿੱਜੀ ਹਮਲੇ ਕੀਤੇ ਜਾ ਰਹੇ ਹਨ,ਉਸ ਤੋਂ ਸਾਫ਼ ਹੈ ਨਾ ਤਾਂ ਵਿਰੋਧੀ ਧਿਰ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਚਾਹੁੰਦਾ ਹੈ ਨਾ ਹੀ ਸਰਕਾਰ ਇਸ ‘ਤੇ ਜਵਾਬ ਦੇਣਾ ਚਾਹੁੰਦੀ ਹੈ। ਕੁੱਲ ਮਿਲਾਕੇ ਨਿੱਜੀ ਬਿਆਨਬਾਜ਼ੀ ਨਾਲ ਬੁਨਿਆਦੀ ਮੁੱਦੇ ਗ਼ਾਇਬ ਹੁੰਦੇ ਜਾ ਰਹੇ ਹਨ। ਸਿਆਸਤਦਾਨ ਜੇਕਰ ਅਜਿਹਾ ਕਰਨ ਤੋਂ ਬਾਜ਼ ਨਹੀਂ ਆਏ ਤਾਂ 2024 ਜ਼ਿਆਦਾ ਦੂਰ ਨਹੀਂ ਜਨਤਾ ਵੋਟ ਦੀ ਤਾਕਤ ਨਾਲ ਜਵਾਬ ਦੇਣਾ ਜਾਣ ਦੀ ਹੈ । 2017 ਅਤੇ 2022 ਇਸ ਦੀਆਂ ਉਦਾਹਰਨਾਂ ਹਨ । ਜਿਨ੍ਹਾਂ ਨੇ ਕਦੇ ਹਾਰ ਦਾ ਮੂੰਹ ਨਹੀਂ ਵੇਖਿਆ ਸੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ। ਇਸ ਦਾ ਜਵਾਬ ਹੁਣ ਸੁਖਬੀਰ ਸਿੰਘ ਬਾਦਲ ਨੇ ਵੀ ਦੇ ਦਿੱਤਾ ਹੈ ।
ਸੁਖਬੀਰ ਬਾਦਲ ਦਾ ਸੀਐੱਮ ਮਾਨ ਨੂੰ ਜਵਾਬ
ਮਾਨਯੋਗ ਮੁੱਖ ਮੰਤਰੀ ‘ਸਾਹਿਬ’, ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ | ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ ‘ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ| ਦਿਨ ਦਿਹਾੜੇ ਹੁੰਦੇ ਕਤਲ, ਲੁੱਟਾਂ ਖੋਹਾਂ, ਸੱਤਾਧਾਰੀਆਂ ਵੱਲੋਂ ਨਜਾਇਜ ਕਬਜ਼ੇ ਬੰਦ ਕਰਵਾ ਦਿਓ, ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰ ਦਿਓ, ਪੰਜਾਬ ਦੇ ਬੱਚੇ ਬੱਚੀਆਂ ਦੀਆਂ ਇੱਜ਼ਤਾਂ ਮੰਤਰੀਆਂ ਤੋਂ ਮਹਿਫੂਜ ਕਰਵਾ ਦਿਓ, ਪੰਜਾਬ ਨੂੰ ਦਿੱਲੀ ਦੀ “ਸਿਲੈਕਟਡ ਗੈਂਗ” ਦਾ ਗੁਲਾਮ ਬਣਾਉਣਾ ਬੰਦ ਕਰ ਦਿਓ, ਸਾਡਾ ਕੀ ? ਅਸੀਂ ਤਾਂ ਆਪੇ ਗਲਤ ਸਿੱਧ ਹੋ ਜਾਵਾਂਗੇ।
ਮਾਨਯੋਗ ਮੁੱਖ ਮੰਤਰੀ 'ਸਾਹਿਬ', ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ |
ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ 'ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ|
ਦਿਨ ਦਿਹਾੜੇ… pic.twitter.com/uYgcItIxhO— Sukhbir Singh Badal (@officeofssbadal) June 15, 2023