Punjab

ਹੁਣ ਪੰਜਾਬ ‘ਚ ਹੋਵੇਗਾ ‘ਨਿਹੰਗ ਤੇ ਛਿੰਜ ਓਲੰਪਿਕ’! ਐਂਡਵੈਂਚਰ ਸਪੋਰਟਸ ਦੇ ਨਾਲ ਸੂਫੀ ਉਤਸਵ ਦਾ ਵੀ ਐਲਾਨ !

ਬਿਊਰੋ ਰਿਪੋਰਟ : ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਕੁਝ ਖ਼ਾਸ ਐਲਾਨ ਕੀਤੇ ਹਨ। ਸਭ ਤੋਂ ਪਹਿਲਾ ਐਲਾਨ ਉਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਲੈ ਕੇ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ‘ਨਿਹੰਗ ਓਲੰਪਿਕਸ’ ਕਰਵਾਏ ਜਾਣਗੇ, ਜਿੱਥੇ ਨਿਹੰਗ ਸਿੰਘਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਜਾਣਗੇ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਹੋਲਾ ਮਹੱਲਾ ਹੋਵੇ, ਚਾਹੇ ਵਿਸਾਖੀ ਹੋਵੇ, ਸਾਡੇ ਨਿਹੰਗ ਸਿੰਘਾਂ ਦੀ ਪ੍ਰਦਰਸ਼ਨਕਾਰੀ, ਕਲਾ ਬਹੁਤ ਸ਼ਲਾਘਾਯੋਗ ਹੁੰਦੀ ਹੈ ਪਰ ਉਨ੍ਹਾਂ ਲਈ ਸਰਕਾਰੀ ਤੌਰ ਉੱਤੇ ਮੁਕਾਬਲੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਸਰਕਾਰ ਹੁਣ ਉਨ੍ਹਾਂ ਦੇ ਮੁਕਾਬਲੇ ਕਰਵਾਇਆ ਕਰੇਗੀ, ਜੇਤੂ ਟੀਮਾਂ ਲਈ ਵੱਡੇ ਇਨਾਮ ਐਲਾਨੇ ਜਾਣਗੇ।

ਦਾਰਾ ਸਿੰਘ ਛਿੰਜ ਓਲੰਪਿਕ ਹੋਵੇਗਾ

ਉਨ੍ਹਾਂ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ ਕਿ ਤਰਨਤਾਰਨ ਵਿੱਚ ਦਾਰਾ ਸਿੰਘ ਛਿੰਜ ਓਲੰਪਿਕ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਨੂੰ ਰੁਸਤਮ-ਏ-ਹਿੰਦ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ ਅਤੇ 10 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
ਅਨਮੋਲ ਗਗਨ ਮਾਨ ਨੇ ਘੋੜ ਸਵਾਰਾਂ ਲਈ ਵੀ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਪਹਿਲੀ ਵਾਰ ਘੋੜ ਸਵਾਰ ਚੈਂਪੀਅਨਸ਼ਿਪ ਸ਼ੁਰੂ ਕੀਤੀ ਜਾਵੇਗੀ। ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਵੀ ਦਿੱਤੇ ਜਾਣਗੇ। ਫਾਜ਼ਿਲਕਾ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਹੈਂਡੀਕਰਾਫਟ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ, ਜਿੱਥੇ ਪੂਰੇ ਪੰਜਾਬ ਵਿੱਚੋਂ ਹੈਂਡੀਕਰਾਫਟ ਆਰਟਿਸ ਹਿੱਸਾ ਲੈਣਗੇ।

ਐਂਡਵੈਂਚਰਸ ਸਪੋਰਟਸ ਫੈਸਟੀਵਲ

ਉਨ੍ਹਾਂ ਨੇ ਕਿਹਾ ਕਿ ਰੋਪੜ ਅਤੇ ਪਠਾਨਕੋਟ ਵਿੱਚ ਪਹਿਲੀ ਵਾਰ ਸਾਲਾਨਾ ਐਂਡਵੈਂਚਰ ਸਪੋਰਟ ਫੈਸਟੀਵਲ ਸ਼ੁਰੂ ਕੀਤਾ ਜਾਵੇਗਾ। ਮਲੇਰਕੋਟਲਾ ਵਿੱਚ ਸੂਫੀ ਉਤਸਵ ਸ਼ੁਰੂ ਕੀਤਾ ਜਾਵੇਗਾ, ਜਿੱਥੇ ਕਲਾਸੀਕਲ ਗੀਤ ਸੰਗੀਤਕਾਰ ਵੱਧ ਚੜ ਕੇ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਵਿੱਚ ਫੈਸਟੀਵਲ ਆਫ਼ ਰਿਵਰਜ਼ ਮਨਾਇਆ ਜਾਵੇਗਾ। ਗੁਰਦਾਸਪੁਰ ਵਿੱਚ ਹਰੀ ਸਿੰਘ ਨਲਵਾ ਜੋਸ਼ ਫੈਸਟੀਵੈਲ ਮਨਾਇਆ ਜਾਇਆ ਕਰੇਗਾ।