ਫਰੀਦਕੋਟ : ਜਿਹੜੇ ਲੋਕ ਕੱਲ ਤੱਕ ਸਤਨਾਮ ਸਿੰਘ ਨੂੰ 3 ਧੀਆਂ ਹੋਣ ਦਾ ਤਾਨਾ ਦਿੰਦੇ ਸਨ ਉਨ੍ਹਾਂ ਦਾ ਮੂੰਹ ਧੀ ਨੇ ਇੱਕ ਝਟਕੇ ਵਿੱਚ ਬੰਦ ਕਰ ਦਿੱਤਾ ਹੈ । ਕੈਨਡਾ ਵਰਗੇ ਮੁਲਕ ਵਿੱਚ ਫਰੀਦਕੋਟ ਦੇ ਪਿੰਡ ਬੁਰਜ ਰਹੀਕਾ ਦੀ ਧੀ ਹਰਪ੍ਰੀਤ ਕੌਰ ਨੇ ਕਮਾਲ ਕਰ ਦਿੱਤਾ ਹੈ । ਮੱਧ ਵਰਗੀ ਪਰਿਵਾਰ ਦੀ ਹਰਪ੍ਰੀਤ ਕੌਰ ਦੀ ਚੋਣ 200 ਸਿਪਾਹੀਆਂ ਵਿੱਚ ਹੋਈ ਹੈ । ਉਹ ਪੰਜਾਬ ਦੀ ਇਕੱਲੀ ਧੀ ਹੈ ਜਿਸ ਨੂੰ ਇਸ ਦੇ ਲਈ ਚੁਣਿਆ ਗਿਆ ਹੈ ।
ਮਾਪਿਆਂ ਦੀ ਛਾਤੀ ਚੋੜੀ ਹੋਈ
ਹਰਪ੍ਰੀਤ ਕੌਰ ਦੀ ਇਸ ਕਾਮਯਾਬੀ ਨਾਲ ਮਾਪਿਆਂ ਦੀ ਛਾਤੀ ਚੋੜੀ ਹੋ ਗਈ ਹੈ ਅਤੇ ਹੁਣ ਉਹ ਉਨ੍ਹਾਂ ਲੋਕਾਂ ਨਾਲ ਵੀ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਜੋ ਉਨ੍ਹਾਂ ਨੂੰ ਧੀਆਂ ਹੋਣ ਦੇ ਤਾਨੇ ਮਾਰ ਦੇ ਸਨ । ਹਰਪ੍ਰੀਤ ਨੇ ਪਿਤਾ ਦੀ ਸੋਚ ਨੂੰ ਚਾਰ ਚੰਨ ਲਗਾ ਦਿੱਤੇ ਹਨ । ਟੋਰਾਂਟੋ ਪੁਲਿਸ ਵਿੱਚ ਭਰਤੀ ਹੋਈ ਫਰੀਦਕੋਟ ਦੇ ਪਿੰਡ ਬੁਰਜ ਹਰੀਕੇ ਦੀ ਰਹਿਣ ਵਾਲੀ ਹਰਪ੍ਰੀਤ ‘ਤੇ ਹੁਣ ਪੂਰੇ ਪਿੰਡ ਨੂੰ ਮਾਣ ਹੈ । ਲੋਕ ਆਪ ਪੂਰੇ ਪਿੰਡ ਵਿੱਚ ਲੱਡੂ ਵੰਡ ਰਹੇ ਹਨ ਅਤੇ ਖੁਸ਼ੀਆਂ ਮਨਾ ਰਹੇ ਹਨ । ਇਸੇ ਲਈ ਕਹਿੰਦੇ ਹਨ ਕਿ ਸੋਚ ਬਦਲਣ ਦੇ ਲਈ ਸਾਨੂੰ ਆਪ ਉਦਾਹਰਣ ਪੇਸ਼ ਕਰਨੇ ਹੁੰਦੇ ਹਨ, ਸਤਨਾਮ ਸਿੰਘ 20 ਸਾਲ ਤੋਂ ਜਿੰਨਾਂ ਲੋਕਾਂ ਨੂੰ ਇਹ ਸਮਝਾ-ਸਮਝਾ ਕੇ ਥੱਕ ਗਏ ਸਨ ਕਿ ਧੀ ਅਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਧੀ ਦੀ ਇੱਕ ਕਾਮਯਾਬੀ ਨੇ ਕਰ ਵਿਖਾਇਆ । ਇਸ ਤੋਂ ਇਲਾਵਾ ਬਰਨਾਲਾ ਦਾ ਇੱਕ ਸਿੱਖ ਨੌਜਵਾਨ ਵੀ ਟੋਰਾਂਟੋ ਪੁਲਿਸ ਵਿੱਚ ਚੁਣਿਆ ਗਿਆ ਸੀ ।
ਬਰਨਾਲਾ ਦਾ ਸੁਖਚੈਨ ਸਿੰਘ ਵੀ ਟੋਰਾਂਟੋ ਪੁਲਿਸ ਲਈ ਚੁਣਿਆ ਗਿਆ
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੇ ਸੁਖਚੈਨ ਸਿੰਘ ਨੇ ਵੀ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਭਰਤੀ ਹੋ ਕੇ ਪਿੰਡ ਦਾ ਮਾਣ ਵਧਾਇਆ ਹੈ। ਪੰਚ ਗੁਰਚਰਨ ਸਿੰਘ ਅਤੇ ਪਰਮਜੀਤ ਸਿੰਘ ਰਾਜਾ ਨੇ ਦੱਸਿਆ ਕਿ ਟੋਰਾਂਟੋ ਪੁਲਿਸ ਵਿੱਚ ਭਰਤੀ ਹੋਣ ਵਾਲਾ ਨੌਜਵਾਨ ਸੁਖਚੈਨ ਸਿੰਘ ਢਿੱਲੋਂ ਪੁੱਤਰ ਰਾਮ ਸਿੰਘ ਉਨ੍ਹਾਂ ਦਾ ਭਤੀਜਾ ਹੈ। ਬੀਤੇ ਦਿਨ 6 ਜੂਨ ਨੂੰ ਉਸ ਨੇ ਬਤੌਰ ਪੁਲਿਸ ਕਾਂਸਟੇਬਲ ਆਪਣੀ ਡਿਊਟੀ ਸੰਭਾਲ ਲਈ ਹੈ। ਉਨ੍ਹਾਂ ਦੱਸਿਆ ਕਿ ਸੁਖਚੈਨ ਕਰੀਬ 8 ਸਾਲ ਪਹਿਲਾਂ ਪੜਾਈ ਕਰਨ ਲਈ ਕੈਨੇਡਾ ਗਿਆ ਸੀ। ਆਪਣੀ ਸਖ਼ਤ ਮਿਹਨਤ ਸਦਕਾ ਉਹ ਇਸ ਮੁਕਾਮ ’ਤੇ ਪਹੁੰਚ ਸਕਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿੱਚ ਭਰਤੀ ਹੋਣ ਵਾਲਿਆਂ ਵਿੱਚ ਸੁਖਚੈਨ ਇਕਲੌਤਾ ਦਸਤਾਰਧਾਰੀ ਹੈ। ਭਰਤੀ ਮੌਕੇ ਪੁਲਿਸ ਨੇ ਉਸ ਨੂੰ ਕੇਸ ਕਟਵਾਉਣ ਲਈ ਕਿਹਾ ਪਰ ਸੁਖਚੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।