Punjab

ਪੰਜਾਬ ਦਾ ਸਭ ਤੋਂ ਮਹਿੰਗਾ ‘ਟੋਲ’ ਹੁਣ ‘ਫ੍ਰੀ’ ! ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ !

 

ਬਿਊਰੋ ਰਿਪੋਰਟ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ (ਲੁਧਿਆਣਾ) ਨੂੰ ਕਿਸਾਨਾਂ ਨੇ ਟੋਲ ਫ੍ਰੀ ਕਰ ਦਿੱਤਾ ਹੈ। ਹਰਿਆਣਾ ਦੇ ਕੁਰੂਕਸ਼ੇਤਰ ਵਿੱਚ 6 ਜੂਨ ਨੂੰ ਕਿਸਾਨਾਂ ‘ਤੇ ਹੋਏ ਲਾਠੀ ਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਚੰੜੂਨੀ ਨੇ ਟੋਲ ਪਲਾਜ਼ਾ ‘ਤੇ ਧਰਨਾ ਲੱਗਾ ਦਿੱਤਾ ਹੈ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਧਰਨਾ ਅਣਮਿੱਥੇ ਸਮੇਂ ਦੇ ਲਈ ਲਗਾਇਆ ਗਿਆ ਹੈ, ਟੋਲ ਤੋਂ ਜਾਣ ਵਾਲੀਆਂ ਗੱਡੀਆਂ ਨੂੰ ਫ੍ਰੀ ਕਰ ਦਿੱਤਾ ਗਿਆ ਹੈ ।

ਗੱਡੀਆਂ ਦੀ ਪਰਚੀ ਨਹੀਂ ਕੱਟਣ ਦਿੱਤੀ ਜਾ ਰਹੀ ਹੈ

ਕਿਸਾਨ ਆਗੂਆਂ ਨੇ ਕਿਹਾ ਜਦੋਂ ਤੱਕ ਉਨ੍ਹਾਂ ਦੇ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਹੈ ਤਾਂ ਤੱਕ ਲਾਡੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਰੱਖਿਆ ਜਾਵੇਗਾ,ਇੱਥੇ ਕਿਸੇ ਤਰ੍ਹਾਂ ਦੀ ਪਰਚੀ ਨਹੀਂ ਕੱਟੀ ਜਾਵੇਗੀ,ਕਿਸਾਨਾਂ ਨੇ ਟੋਲ ਪਲਾਜ਼ਾ ਦੇ ਵਿੱਚ ਵਾਲੀ ਲਾਈਨ ਨੂੰ ਬੰਦ ਕਰ ਦਿੱਤਾ ਹੈ,ਜਦਕਿ ਸਾਈਡ ਵਾਲੀ ਲਾਈਨ ਤੋਂ ਗੱਡੀਆਂ ਨੂੰ ਬਿਨਾਂ ਪਰਚੀ ਤੋਂ ਜਾਣ ਦਿੱਤਾ ਜਾ ਰਿਹਾ ਹੈ।

ਸੂਰਜਮੁਖੀ ਦੀ ਖ਼ਰੀਦ MSP ‘ਤੇ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸ਼ਾਹਬਾਦ-ਮਾਰਕੰਡੇ ਜੀਟੀ ਰੋਡ ‘ਤੇ ਬੈਠ ਗਏ ਸਨ। ਇਸ ਨੂੰ ਵੇਖ ਦੇ ਹੋਏ ਪੁਲਿਸ ਨੇ ਚਾਰੋ ਪਾਸਿਆਂ ਤੋਂ ਬੈਰੀਕੇਡਿੰਗ ਕਰ ਦਿੱਤੀ ਹੈ। ਮੌਕੇ ‘ਤੇ ਮਾਹੌਲ ਤਣਾਅ ਪੂਰਨ ਹੋ ਗਿਆ ਸੀ। ਪੁਲਿਸ ਨੇ ਹਾਈਕੋਰਟ ਦਾ ਹਵਾਲਾ ਦਿੰਦੇ ਹੋਏ ਜ਼ਬਰਦਸਤੀ ਕਿਸਾਨਾਂ ਨੂੰ ਹਟਾਇਆ ਅਤੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੰੜੂਨੀ ਨੇ ਚਿਤਾਨਵੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਖਿਲਾਫ਼ ਸਖਤੀ ਕੀਤੀ ਤਾਂ ਅੰਜਾਮ ਭੁਗਤਨਾ ਹੋਵੇਗਾ ।

MSP ਖ਼ਰੀਦ ਦਾ ਇਹ ਹੈ ਮਾਮਲਾ

ਸਰਕਾਰ ਸੂਰਜਮੁਖੀ ਨੂੰ ਭਾਵਾਂਤਰ ਯੋਜਨਾ ਦੇ ਤਹਿਤ ਖ਼ਰੀਦ ਕਰਨ ਨੂੰ ਤਿਆਰ ਹੈ,ਪਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੀ ਮੰਗ ਹੈ ਕਿ ਇਸ ਯੋਜਨਾ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਇੱਕ ਹਜ਼ਾਰ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ। ਇਸ ਲਈ ਫ਼ਸਲ ਨੂੰ MSP ‘ਤੇ ਖ਼ਰੀਦਿਆਂ ਜਾਵੇ। ਇਸ ਤੋਂ ਪਹਿਲਾਂ ਕਿਸਾਨਾਂ ਨੇ 2 ਜੂਨ ਨੂੰ ਸੜਕ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਡੀਸੀ ਅਤੇ ਐੱਸਪੀ ਮਹਾ ਪੰਚਾਇਤ ਵਿੱਚ ਪਹੁੰਚੇ, ਉਨ੍ਹਾਂ ਨੇ ਕਿਸਾਨਾਂ ਦੇ ਇੱਕ ਵਫ਼ਦ ਨੂੰ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਭੇਜਿਆ ਸੀ ਪਰ ਸਰਕਾਰ ਨਾਲ ਗੱਲਬਾਤ ਬੇ-ਨਤੀਜਾ ਰਹੀ ਸੀ।