India

ਕਿਸਾਨਾਂ ਨੇ ਕੌਮੀ ਸ਼ਾਹਰਾਹ ਕੀਤਾ ਬੰਦ ! ! ਇਸ ਥਾਂ ਪਹੁੰਚਣ ਤੋਂ ਪਹਿਲਾਂ ਗੱਡੀ ਮੋੜ ਲਿਓ,ਨਹੀਂ ਤਾਂ ਬੁਰੀ ਤਰ੍ਹਾਂ ਫਸੋਗੇ !

ਬਿਊਰੋ ਰਿਪੋਰਟ : ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਜੰਮੂ-ਦਿੱਲੀ ਕੌਮੀ ਮਾਰਗ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਯਾਨੀ ਜੇਕਰ ਤੁਸੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ ਤੋਂ ਦਿੱਲੀ ਵੱਲ ਜਾ ਰਹੇ ਹੋ, ਜਾਂ ਫਿਰ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਹੋ ਤਾਂ ਤੁਸੀਂ ਆਪਣੀ ਰਾਹ ਬਦਲ ਲਿਉ ਨਹੀਂ ਤਾਂ ਬੁਰੀ ਤਰ੍ਹਾਂ ਜਾਮ ਵਿੱਚ ਫਸ ਜਾਉਗੇ।

ਸੂਰਜਮੁਖੀ ਦੀ ਖ਼ਰੀਦ MSP ‘ਤੇ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸ਼ਾਹਬਾਦ-ਮਾਰਕੰਡੇ ਜੀਟੀ ਰੋਡ ‘ਤੇ ਬੈਠ ਗਏ ਹਨ। ਇਸ ਨੂੰ ਵੇਖ ਦੇ ਹੋਏ ਪੁਲਿਸ ਨੇ ਚਾਰੋ ਪਾਸਿਆਂ ਤੋਂ ਬੈਰੀਕੇਡਿੰਗ ਕਰ ਦਿੱਤੀ ਹੈ। ਮੌਕੇ ‘ਤੇ ਮਾਹੌਲ ਤਣਾਅ ਪੂਰਨ ਹੈ। ਦੋਵਾਂ ਪਾਸੇ ਤੋਂ ਟਕਰਾਅ ਦੇ ਆਸਾਰ ਹਨ,ਪੁਲਿਸ ਨੇ ਥ੍ਰੀ ਲੇਅਰ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ। ਉੱਧਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਜਦੋਂ ਤੱਕ ਸੂਰਜਮੁਖੀ MSP ‘ਤੇ ਖ਼ਰੀਦੀ ਨਹੀਂ ਜਾਵੇਗੀ ਕੌਮੀ ਮਾਰਗ ਪੂਰੀ ਤਰ੍ਹਾਂ ਨਾਲ ਜਾਮ ਰਹੇਗਾ। ਉਨ੍ਹਾਂ ਕਿਹਾ ਇਸ ਬਾਰੇ ਮੀਟਿੰਗ ਕੀਤੀ ਗਈ ਸੀ ਪਰ ਸਰਕਾਰ ਗੰਭੀਰ ਨਹੀਂ ਹੈ। ਚੜੂਨੀ ਨੇ ਕਿਹਾ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਪਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਹੈ।

ਪੁਲਿਸ ਦੀ ਤਿਆਰੀ ਬੇਕਾਰ

ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਰਾੜ ਚੌਕ ‘ਤੇ ਰੋਕਣ ਦਾ ਇੰਤਜ਼ਾਮ ਕੀਤਾ ਸੀ, ਚਾਰੋ ਪਾਸੇ ਤੋਂ ਬੈਰੀਕੇਡ ਲਗਾਏ ਗਏ ਸਨ । ਕਿਸਾਨਾਂ ਨੂੰ ਪਾਣੀ ਦੀਆਂ ਬੌਛਾੜਾ ਨਾਲ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕਿਸਾਨ ਮਾਰਕੰਡਾ ਪੁਲ ਵੱਲੋਂ ਹਾਈਵੇ ‘ਤੇ ਪਹੁੰਚ ਗਏ ਅਤੇ ਜਾਮ ਕਰ ਦਿੱਤਾ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 6 ਜੂਨ ਨੂੰ ਕੌਮੀ ਮਾਰਗ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ, ਕਿਸਾਨਾਂ ਦੇ ਅਲਟੀਮੇਟਮ ਦਾ ਅਖੀਰਲਾ ਦਿਨ ਸੀ, ਜਿਸ ਬਾਰੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਸੀ,ਜਿਵੇਂ ਹੀ ਅਲਟੀਮੇਟਮ ਖ਼ਤਮ ਹੋਇਆ ਕਿਸਾਨ ਸੜਕਾਂ ‘ਤੇ ਆ ਗਏ ।

MSP ਖ਼ਰੀਦ ਦਾ ਇਹ ਹੈ ਮਾਮਲਾ

ਸਰਕਾਰ ਸੂਰਜਮੁਖੀ ਨੂੰ ਭਾਵਾਂਤਰ ਯੋਜਨਾ ਦੇ ਤਹਿਤ ਖ਼ਰੀਦ ਕਰਨ ਨੂੰ ਤਿਆਰ ਹੈ,ਪਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੀ ਮੰਗ ਹੈ ਕਿ ਇਸ ਯੋਜਨਾ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਇੱਕ ਹਜ਼ਾਰ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ। ਇਸ ਲਈ ਫ਼ਸਲ ਨੂੰ MSP ‘ਤੇ ਖ਼ਰੀਦਿਆਂ ਜਾਵੇ। ਇਸ ਤੋਂ ਪਹਿਲਾਂ ਕਿਸਾਨਾਂ ਨੇ 2 ਜੂਨ ਨੂੰ ਸੜਕ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਡੀਸੀ ਅਤੇ ਐੱਸਪੀ ਮਹਾ ਪੰਚਾਇਤ ਵਿੱਚ ਪਹੁੰਚੇ, ਉਨ੍ਹਾਂ ਨੇ ਕਿਸਾਨਾਂ ਦੇ ਇੱਕ ਵਫ਼ਦ ਨੂੰ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਭੇਜਿਆ ਸੀ ਪਰ ਸਰਕਾਰ ਨਾਲ ਗੱਲਬਾਤ ਬੇ-ਨਤੀਜਾ ਰਹੀ ਸੀ।