Punjab

ਸ਼੍ਰੀ ਹੇਮਕੁੰਟ ਸਾਹਿਬ ਅਚਾਨਕ ਟੁੱਟਿਆ ਬਰਫ਼ ਦਾ ਵੱਡਾ ਪਹਾੜ !

ਬਿਊਰੋ ਰਿਪੋਰਟ : ਹੇਮਕੁੰਟ ਸਾਹਿਬ ਤੋਂ ਇੱਕ ਦਰਦਨਾਕ ਖ਼ਬਰ ਆਈ ਹੈ। ਐਤਵਾਰ ਨੂੰ ਬਰਫ਼ ਦੀ ਚਟਾਨ ਟੁੱਟਣ ਦੀ ਵਜ੍ਹਾ ਕਰ ਕੇ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਹੈ, ਜਿਸ ਨੂੰ ਬਰਫ਼ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਹੈ। ਜਦਕਿ 5 ਹੋਰ ਫਸੇ ਸ਼ਰਧਾਲੂਆਂ ਨੂੰ ਬਰਫ਼ ਦੇ ਗਲੇਸ਼ੀਅਰ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਹ ਸਾਰੇ ਸ਼ਰਧਾਲੂ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸਨ। ਬਰਫ਼ ਦੀ ਚਟਾਨ ਟੁੱਟਣ ਦੀ ਘਟਨਾ ਹੇਮਕੁੰਟ ਸਾਹਿਬ ਤੋਂ 1 ਕਿਲੋਮੀਟਰ ਪਹਿਲਾਂ ਅਟਲਕੋਟੀ ਵਿੱਚ ਹੋਈ ਸੀ। SDRF ਅਤੇ ITBP ਦੇ ਜਵਾਨਾਂ ਨੇ ਪੂਰੀ ਰਾਤ ਲਾਪਤਾ ਔਰਤ ਦੀ ਤਲਾਸ਼ ਕੀਤੀ ਸੀ ਪਰ ਉਹ ਨਹੀਂ ਮਿਲੀ ਪਰ ਸੋਮਵਾਰ ਸਵੇਰ ਵੇਲੇ ਔਰਤ ਸ਼ਰਧਾਲੂ ਬਰਫ਼ ਵਿੱਚ ਦੱਬੀ ਹੋਈ ਮਿਲੀ,ਪਰ ਬਹੁਤ ਦੁੱਖ ਦੀ ਗੱਲ ਕਿ ਉਹ ਜ਼ਿੰਦਾ ਨਹੀਂ ਸੀ ।

ਪਿਛਲੇ ਹਫ਼ਤੇ ਵੀ ਰੋਕੀ ਗਈ ਸੀ ਯਾਤਰਾ

ਇਸ ਤੋਂ ਪਹਿਲਾਂ ਵੀ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰ ਕੇ 48 ਘੰਟਿਆਂ ਦੇ ਲਈ ਪਿਛਲੇ ਹਫ਼ਤੇ ਯਾਤਰਾ ਰੋਕ ਦਿੱਤੀ ਗਈ ਸੀ । ਮੌਸਮ ਵਿਭਾਗ ਨੇ ਤੇਜ਼ ਮੀਂਹ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਸ਼ਰਧਾਲੂਆਂ ਨੂੰ ਕਿਹਾ ਸੀ ਕਿ ਜਿੱਥੇ ਉਹ ਹਨ, ਉੱਥੇ ਹੀ ਰੁਕ ਜਾਣ। ਜਿਵੇਂ ਹੀ ਮੌਸਮ ਠੀਕ ਹੋਇਆ ਮੁੜ ਤੋਂ ਯਾਤਰਾ ਸ਼ੁਰੂ ਕੀਤੀ ਗਈ ਸੀ, ਪਰ ਹੁਣ ਬਰਫ਼ ਦੇ ਪਹਾੜ ਟੁੱਟਣ ਦੀ ਵਜ੍ਹਾ ਕਰ ਕੇ ਦਰਦਨਾਕ ਹਾਦਸਾ ਹੋਇਆ ਹੈ, ਜਿਸ ਵਿੱਚ ਔਰਤ ਦੀ ਮੌਤ ਹੋਈ ਹੈ ਜਦਕਿ 5 ਸ਼ਰਧਾਲੂਆਂ ਨੂੰ SDRF ਅਤੇ ITBP ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ।

ਹੁਣ ਤੱਕ 8 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ

ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੀ ਸ਼ੁਰੂਆਤ 20 ਮਈ ਨੂੰ ਹੋਈ ਸੀ, 4 ਜੂਨ ਤੱਕ 8,551 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ । ਇਹ ਅੰਕੜਾ ਉੱਤਰਾਖੰਡ ਸੈਰ-ਸਪਾਟਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਉੱਧਰ ਚਾਰਧਾਮ ਯਾਤਰਾ ਦਾ ਅੰਕੜਾ 20 ਲੱਖ ਪਾਰ ਹੋ ਚੁੱਕਿਆ ਹੈ, ਹੁਣ ਤੱਕ 20 ਲੱਖ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜਿਨ੍ਹਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਹੈ । ਉੱਤਰਾਖੰਡ ਸਰਕਾਰ ਦੇ ਮੁਤਾਬਕ ਹੁਣ ਤੱਕ 7.13 ਲੱਖ ਤੀਰਥ ਯਾਤਰੀ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ, ਭੀੜ ਨੂੰ ਕੰਟਰੋਲ ਕਰਨ ਦੇ ਲਈ 15 ਜੂਨ ਨੂੰ ਕੇਦਾਰਨਾਥ ਯਾਤਰਾ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇਗੀ।