ਬਿਊਰੋ ਰਿਪੋਰਟ : ਅਜੀਤ ਅਖਬਾਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ, ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਕਿਹਾ ਹੈ ਕਿ ਹਮਦਰਦ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਹੋਵੇਗਾ । ਬਰਜਿੰਦਰ ਸਿੰਘ ਹਮਦਰਦ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਕਿਹਾ ਸੀ ਜੰਗ-ਏ-ਆਜ਼ਾਦੀ ਮੈਮੋਰੀਅਲ ਦੀ ਚੱਲ ਰਹੀ ਜਾਂਚ ਨੂੰ ਰੋਕਿਆ ਜਾਵੇ ਅਤੇ CBI ਤੋਂ ਜਾਂਚ ਕਰਵਾਈ ਜਾਵੇ। ਇਸ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਾਰਟੀ ਬਣਾਇਆ ਸੀ। 250 ਸਫਿਆਂ ਦੀ ਪਟੀਸ਼ਨ ਵਿੱਚ ਹਮਦਰਦ ਨੇ ਪੰਜਾਬ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਸਨ ਅਤੇ ਜਾਣ ਬੁਝ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ । ਉਧਰ ਹਮਦਰਦ ਨੂੰ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਦਰਦੀ ਮਿਲੀ ਹੈ । ਕਾਂਗਰਸ ਵਲੋਂ ਹਮਦਰਦ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਸਾਰੀਆਂ ਵਿਰੋਧੀ ਧਿਰਾਂ ਜਲੰਧਰ ਵਿੱਚ ਇੱਕ ਮੰਚ ‘ਤੇ ਆਇਆ । ਆਲ ਪਾਰਟੀ ਮੀਟਿੰਗ ਵਿੱਚ ਕਾਂਗਰਸ ਤੋਂ ਇਲਾਵਾ ਬੀਜੇਪੀ ਅਤੇ ਅਕਾਲੀ ਦਲ ਦੇ ਆਗੂ ਵੀ ਨਜ਼ਰ ਆਏ। ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਪਹੁੰਚੇ । ਇਸ ਮੌਕੇ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ,ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ,ਸੁਨੀਲ ਜਾਖੜ, ਸੁਖਦੇਵ ਸਿੰਘ ਢੀਂਡਸਾ,ਬਲਵੰਤ ਸਿੰਘ ਰਾਮੂਵਾਲਿਆ ਵੀ ਮੌਜੂਦ ਸਨ ।
‘ਸੱਚੇ ਲੋਕਾਂ ‘ਤੇ ਕਾਰਵਾਈ ਕਟਾਰੂਚੱਕ ‘ਤੇ ਕੋਈ ਕਾਰਵਾਈ ਨਹੀਂ’
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮਾਨ ਸਰਕਾਰ ਨੇ ਇਹ ਹਮਲਾ ਸਿਰਫ਼ ਬਰਜਿੰਦਰ ਸਿੰਘ ਹਮਦਰਦ ‘ਤੇ ਨਹੀਂ ਕੀਤਾ ਬਲਕਿ ਪੂਰੀ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ ਹੈ । ਜਿਸ ਸ਼ਖਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਇਨ੍ਹੀ ਵੱਡੀ ਦੇਣ ਦਿੱਤੀ,ਆਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮਭੂਸ਼ਣ ਤੋਂ ਲੈਕੇ ਪਦਮ ਸ਼੍ਰੀ ਦਿੱਤਾ ਉਸ ਸ਼ਖਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ । ਸ਼ਹੀਦਾਂ ਦੇ ਨਕਸ਼ੇ ਕਦਮ ਤੇ ਆਉਣ ਵਾਲੀ ਪੀੜੀ ਚੱਲ ਸਕੇ ਇਸ ਲਈ ਜੰਗ-ਏ-ਆਜ਼ਾਦੀ ਬਣਾਇਆ ਗਿਆ ਸੀ । ਪਰ ਮਾਨ ਹਮਦਰਦ ਨੂੰ ਇਸ ਲਈ ਟਾਰਗੇਟ ਕਰ ਰਹੇ ਹਨ ਕਿਉਂਕਿ ਉਹ ਸ਼ਹੀਦਾਂ ਦੇ ਨਕਸ਼ੇ ਕਦਮ ‘ਤੇ ਨਹੀਂ ਚੱਲਣਾ ਚਾਹੁੰਦੇ ਹਨ । ਪਹਿਲਾਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਸਰਕਾਰ ਦੇ ਅੱਗੇ ਝੁਕਣ ਜਦੋਂ ਮਨਾ ਕੀਤਾ ਤਾਂ ਉਨ੍ਹਾਂ ਨੂੰ ਵਿਜੀਲੈਂਸ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਮਜੀਠੀਆ ਨੇ ਪੁੱਛਿਆ ਕਟਾਰੂਚੱਕ ਵਰਗੇ ਲੋਕਾਂ ਦਾ ਸਨਮਾਨ ਕਰਕੇ ਪੰਜਾਬ ਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਹਨ ਮਾਨ। ਉਨ੍ਹਾਂ ਕਿਹਾ ਸੀਐੱਮ ਮਾਨ ਨੂੰ ਹੱਕ ਸੱਚ ਦੀ ਕਮਾਈ ਕਰਨ ਵਾਲੇ ਨਹੀਂ ਚਾਹੀਦੇ ਹਨ ਬਲਕਿ 40 ਚੋਰ ਚਾਹੀਦੇ ਹਨ ।
ਪਰਗਟ ਸਿੰਘ ਨੇ ਕਿਹਾ ਲੋਕਤੰਤਰ ਦਾ ਗਲ ਦਬਾ ਰਹੀ ਹੈ ਸਰਕਾਰ
ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਪੱਤਰਕਾਰ ਲੋਕਤੰਤਰ ਦਾ ਚੌਥਾ ਪਿੱਲਰ ਹੁੰਦੇ ਹਨ। ਉਹ ਸੱਚ ਸਾਹਮਣੇ ਲਿਆਉਂਦੇ ਹਨ, ਪਰ ਮੌਜੂਦਾ ਸਰਕਾਰ ਉਸ ਦਾ ਗਲ ਘੋਟਣ ‘ਤੇ ਲੱਗੀ ਹੈ, ਪਰਗਟ ਸਿੰਘ ਨੇ ਕਿਹਾ ਜੋ ਕੰਮ ਦਿੱਲੀ ਦੀ ਕੇਂਦਰ ਸਰਕਾਰ ਕਰ ਰਹੀ ਹੈ ਉਹ ਹੀ ਸੂਬੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ ।
ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ -ਅਸ਼ਵਨੀ ਸ਼ਰਮਾ
ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ,ਮੁੱਖ ਮੰਤਰੀ ਭਗਵੰਤ ਮਾਨ ਦੀ ਮਾੜੀ ਨੀਤੀਆਂ ਖਿਲਾਫ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ। ਇਸ ਬੈਠਕ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਦੱਸ ਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਹੰਕਾਰ ਵਿੱਚ ਡੁੱਬੀ ਸਰਕਾਰ ਦੇ ਮੁੱਖੀ ਆਪਣੇ ਸੁਪਰੀਮ ਨੂੰ ਖੁਸ਼ ਕਰਨ ਦੇ ਲਈ ਲੋਕਤੰਤਰ ਵਿੱਚ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸਾਰੇ ਲੋਕਾਂ ਨੂੰ ਸਿਆਸਤ ਤੋਂ ਉੱਤੇ ਉੱਠ ਕੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ।
ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ਬਰਜਿੰਦਰ ਸਿੰਘ
ਜਲੰਧਰ ਦੇ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਵਿਵਾਦ ਨੂੰ ਲੈਕੇ ਜਾਂਚ ਦੇ ਲਈ 29 ਮਈ ਨੂੰ ਵਿਜੀਲੈਂਸ ਦੇ ਸਾਹਮਣੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੇਸ਼ ਹੋਣਾ ਸੀ ਪਰ ਉਨ੍ਹਾਂ ਨੇ 10 ਦਿਨ ਸਮਾਂ ਮੰਗਿਆ ਸੀ । ਹੁਣ ਹਾਈਕੋਰਟ ਤੋਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ, ਅਦਾਲਤ ਨੇ ਵਿਜੀਲੈਂਸ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਹਮਦਰਦ ਨੂੰ ਗ੍ਰਿਫਤਾਰ ਕਰਨਾ ਹੈ ਤਾਂ 7 ਦਿਨ ਪਹਿਲਾਂ ਨੋਟਿਸ ਦੇਣਾ ਹੋਵੇਗਾ ।