ਜਲੰਧਰ ਦੇ ਸੂਰਿਆ ਐਨਕਲੇਵ ‘ਚ ਦੇਰ ਰਾਤ ਹਫੜਾ-ਦਫੜੀ ਮਚ ਗਈ। ਬਾਈਕ ‘ਤੇ ਜਾ ਰਹੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 12 ਤੋਂ 15 ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ‘ਤੇ ਕਈ ਜ਼ਖ਼ਮ ਕਰਨ ਤੋਂ ਬਾਅਦ ਉਸ ਦਾ ਹੱਥ ਵੱਢ ਦਿੱਤਾ ਗਿਆ। ਹੱਥ ਬਾਂਹ ਤੋਂ ਵੱਖ ਹੋ ਗਿਆ। ਹਮਲਾਵਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਨੌਜਵਾਨ ਦੀਆਂ ਅੱਖਾਂ ਵੀ ਨੋਚ ਲਈਆਂ।
ਉਸ ਦੀ ਬਾਂਹ ਕੱਟੇ ਜਾਣ ਕਾਰਨ ਸਿਵਲ ਹਸਪਤਾਲ ਪੁੱਜੇ ਜ਼ਖ਼ਮੀ ਨੌਜਵਾਨ ਨੂੰ ਡਾਕਟਰਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ। ਬਾਂਹ ਤੋਂ ਵੱਖ ਹੋਏ ਹੱਥ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੇਂ ਸਿਰ ਮੈਡੀਕਲ ਕਾਲਜ ਪਹੁੰਚ ਜਾਵੇ ਤਾਂ ਇਸ ਨੂੰ ਸਰਜਰੀ ਰਾਹੀਂ ਜੋੜਿਆ ਜਾ ਸਕਦਾ ਹੈ।
ਸਿਵਲ ਹਸਪਤਾਲ ਪੁੱਜੇ ਸੂਰਿਆ ਐਨਕਲੇਵ ਵਾਸੀ ਸ਼ਿਵਮ ਭੋਗਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਸਾਈਕਲ ’ਤੇ ਘਰੋਂ ਨਿਕਲਿਆ ਸੀ। ਘਰ ਤੋਂ ਕੁਝ ਦੂਰੀ ‘ਤੇ ਪਹਿਲਾਂ ਤੋਂ ਹੀ ਬੈਠੇ 10-15 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ।
ਲੋਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਹਮਲਾ ਕਿਸੇ ਪੁਰਾਣੀ ਰੰਜਿਸ਼ ‘ਚ ਕੀਤਾ ਗਿਆ ਹੈ ਜਾਂ ਮਾਮਲਾ ਕੁਝ ਹੋਰ ਹੈ, ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਹਮਲਾਵਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।