ਮਾਨਸਾ ਤੋਂ ਝੁਨੀਰ ਵੱਲ ਆ ਰਹੀ ਇੱਕ ਆਲਟੋ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ ਵਿਆਹੁਤਾ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ, ਇੱਕ ਸਾਲ ਦਾ ਬੱਚਾ ਅਤੇ ਸੱਸ ਝੁਲਸ ਗਏ। ਪੁਲਿਸ ਨੇ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇੰਝ ਵਾਪਰਿਆ ਦਰਦਨਾਕ ਹਾਦਸਾ
ਬੀਤੀ ਰਾਤ ਕਰੀਬ 11 ਵਜੇ ਮਾਨਸਾ ਤੋਂ ਝੁਨੀਰ ਵੱਲ ਜਾ ਰਹੀ ਇੱਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਸੀਮਾ ਰਾਣੀ ਪਤਨੀ ਤਰੁਣ ਤਾਇਲ ਜ਼ਿੰਦਾ ਝੁਲਸ ਗਈ, ਜਦਕਿ ਉਸ ਦਾ ਪੁੱਤਰ ਸੰਚਿਤ ਤਾਇਲ, ਪਤੀ ਵਰੁਣ ਤਾਇਲ, ਸੱਸ ਦਰਸ਼ਨਾ ਰਾਣੀ ਝੁਲਸ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸਿਵਲ ਹਸਪਤਾਲ ਤੋਂ ਦਰਸ਼ਨਾ ਰਾਣੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦੂਜੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਹਿਲਾ ਦੇ ਪਤੀ ਅਤੇ ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਨੇ ਸੀਮਾ ਰਾਣੀ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਚੌਕੀ ਰਮਦਿੱਤੇ ਵਾਲਾ ਦੇ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਅਜਿਹਾ ਹੀ ਇੱਕ ਹੋਰ ਮਾਮਲਾ ਜਲੰਧਰ ‘ਚ ਲੁਧਿਆਣਾ-ਜਲੰਧਰ ਹਾਈਵੇ ਤੋਂ ਸਾਹਮਣੇ ਆਇਆ ਜਿੱਥੇ ਫਗਵਾੜਾ ਨੇੜੇ ਚਾਚੋਕੀ ਵਿਖੇ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ਸਵਾਰ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਵਾਹਨ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ ਵਿੱਚ ਲੁਧਿਆਣਾ ਤੋਂ ਟਾਂਡਾ ਵੱਲ ਜਾ ਰਿਹਾ ਸੀ। ਫਿਰ ਰਸਤੇ ਵਿੱਚ ਕਾਰ ਪੂਰੀ ਤਰ੍ਹਾਂ ਗਰਮ ਹੋਣ ਲੱਗੀ। ਗਰਮੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਕਾਰ ਵਿੱਚ ਸੜਨ ਦੀ ਬਦਬੂ ਵੀ ਆ ਰਹੀ ਸੀ।
ਲਖਬਿੰਦਰ ਨੇ ਦੱਸਿਆ ਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੀ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਗਵਾੜਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਦੀਆਂ ਬੁਛਾੜਾਂ ਪਾ ਕੇ ਅੱਗ ‘ਤੇ ਕਾਬੂ ਪਾਇਆ।