ਚੰਡੀਗੜ੍ਹ : ਪੰਜਾਬ ਵਿਚ 12ਵੀਂ ਕਲਾਸ ਦੀ ਅੰਗਰੇਜ਼ੀ ਦੀ ਪ੍ਰੀਖਿਆ 24 ਫਰਵਰੀ ਨੂੰ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਦੇ ਬਾਅਦ ਅਗਲੀ ਤਰੀਕ 24 ਮਾਰਚ ਵਿਭਾਗ ਨੇ ਐਲਾਨੀ ਸੀ। ਇਸ ਤਰੀਕ ਵਿਚ ਵੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਦੋ ਪ੍ਰੀਖਿਆ ਕੇਂਦਰਾਂ ਵਿਚ ਪੁਰਾਣਾ ਲੀਕ ਹੋਣਾ ਪ੍ਰਸ਼ਨ ਪੱਤਰ ਹੀ ਵੰਡ ਦਿੱਤਾ ਗਿਆ। ਇਹ ਪ੍ਰੀਖਿਆ ਕੇਂਦਰ ਲੁਧਿਆਣਾ ਤੇ ਫਿਰੋਜ਼ਪੁਰ ਵਿਚ ਮੌਜੂਦ ਹਨ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਲੁਧਿਆਣਾ ਦਾ ਸਰਕਾਰੀ ਸੈਕੰਡਰੀ ਸਕੂਲ ਹਲਵਾਰਾ ਤੇ ਫਿਰੋਜ਼ਪੁਰ ਦਾ ਸਾਹਿਬਜ਼ਾਦਾ ਫਤਿਹ ਸਿੰਘ ਪਬਲਿਕ ਸਕੂਲ ਹੈ। ਇਨ੍ਹਾਂ ਦੋਵੇਂ ਪ੍ਰੀਖਿਆ ਕੇਂਦਰਾਂ ਦੇ ਕੁੱਲ 185 ਵਿਦਿਆਰਥੀ ਤੀਜੀ ਵਾਰ 22 ਮਈ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਦੇਣਗੇ। ਅਧਿਕਾਰੀਆਂ ਦੀ ਲਾਪ੍ਰਵਾਹੀ ਉਸ ਸਮੇਂ ਫੜੀ ਗਈ ਜਦੋਂ ਮਾਰਕਿੰਗ ਸਮੇਂ ਪ੍ਰੀਖਿਆ ਚੈੱਕ ਕਰ ਰਹੇ ਸਟਾਫ ਦੀ ਨਜ਼ਰ ਵੱਖ-ਵੱਖ ਪ੍ਰਸ਼ਨ ਪੱਤਰਾਂ ‘ਤੇ ਪਈ।
ਗੁਰੂਸਰ ਸੁਧਾਰ ਵਿਚ ਜੀਐੱਚਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 118 ਵਿਦਿਆਰਥੀ ਲੁਧਿਆਣਾ ਦੇ ਪ੍ਰੀਖਿਆ ਕੇਂਦਰ ਵਿਚ ਹਾਜ਼ਰ ਹੋਏ ਸਨ। ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਸਕੂਲ ਨੂੰ 12 ਮਈ ਦੀ ਦੁਪਹਿਰ ਨੂੰ ਈ-ਮੇਲ ਮਿਲੀ ਕਿ ਪ੍ਰੀਖਿਆ 18 ਮਈ ਨੂੰ ਫਿਰ ਤੋਂ ਆਯੋਜਿਤ ਕੀਤੀ ਜਾਵੇਗੀ। ਇੰਨੇ ਘੱਟ ਸਮੇਂ ਵਿਚ ਵਿਦਿਆਰਥੀਆਂ ਲਈ ਖੁਦ ਨੂੰ ਨਵੀਂ ਸਥਿਤੀ ਲਈ ਤਿਆਰ ਕਰਨਾ ਸੰਭਵ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੀ ਅਪੀਲ ਦੇ ਬਾਅਦ ਬੋਰਡ ਤੋਂ 22 ਮਈ ਨੂੰ ਨਜ਼ਦੀਕੀ ਇਕ ਕੇਂਦਰ ‘ਤੇ ਪ੍ਰੀਖਿਆ ਦੁਬਾਰਾ ਕਰਵਾਉਣ ‘ਤੇ ਸਹਿਮਤੀ ਬਣੀ ਹੈ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜੀਤ ਸਿੰਘ ਨੇ ਕਿਹਾ ਕਿ ਪ੍ਰੀਖਿਆ ਕੇਂਦਰ ‘ਤੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਬੋਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।