Punjab

ਫਰੀਦਕੋਟ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ IT ਦਾ ਛਾਪਾ, ਜਾਣੋ ਸਾਰਾ ਮਾਮਲਾ

IT raided Liquor businessman Deep Malhotra's house

ਚੰਡੀਗੜ੍ਹ : ਫਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇਨਕਮ ਟੈਕਸ ਅਧਿਕਾਰੀਆਂ ਵੱਲੋਂ ਮਲਹੋਤਰਾ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੀਪ ਮਲਹੋਤਰਾ ਦੇ ਬੇਟੇ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ 7 ਵਜੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ। ਟੀਮਾਂ 4 ਗੱਡੀਆਂ ‘ਚ ਉਸ ਦੇ ਘਰ ਪਹੁੰਚੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਦੀਪ ਮਲਹੋਤਰਾ ਦੇ ਬੇਟੇ ਦਾ ਨਾਂ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ‘ਚ ਸਾਹਮਣੇ ਆਇਆ ਸੀ ਅਤੇ ਉਸ ਨੂੰ ਜੇਲ੍ਹ ਜਾਣਾ ਪਿਆ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇੱਥੇ ਛਾਪੇਮਾਰੀ ਕੀਤੀ ਸੀ।

ਕੌਣ ਹੈ ਦੀਪ ਮਲਹੋਤਰਾ ?

ਦੀਪ ਮਲਹੋਤਰਾ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇੱਕ ਹੈ। ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।

ਭਾਸਕਰ ਦੀ ਰਿਪੋਰਟ ਮੁਤਾਬਕ ਪੰਜਾਬ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ‘ਚ ਪੌਂਟੀ ਚੱਢਾ ਦਾ ਸ਼ਰਾਬ ਦੇ ਕਾਰੋਬਾਰ ‘ਤੇ ਕਬਜ਼ਾ ਸੀ। ਇਸ ਨੂੰ ਤੋੜਨ ਲਈ ਸੁਖਬੀਰ ਬਾਦਲ ਦੀਪ ਮਲਹੋਤਰਾ ਨੂੰ ਲੈ ਕੇ ਆਏ ਹਨ। ਜਿਸ ਤੋਂ ਬਾਅਦ ਅਕਾਲੀ ਨੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਉਹ ਜੇਤੂ ਰਹੇ ਸਨ।

ਇਸ ਤੋਂ ਬਾਅਦ ਉਨ੍ਹਾਂ ਦੇ ਅਕਾਲੀ ਦਲ ਨਾਲ ਸਬੰਧਾਂ ਵਿੱਚ ਖਟਾਸ ਆ ਗਈ। ਇਨ੍ਹੀਂ ਦਿਨੀਂ ਉਹ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਹਨ ਅਤੇ ਨਾ ਹੀ ਕਿਸੇ ਹੋਰ ਪਾਰਟੀ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਪਰ ਉਨ੍ਹਾਂ ਦੇ ਧੜੇ ਦੇ ਦਿੱਲੀ ਵਿੱਚ ਜ਼ਿਆਦਾਤਰ ਸ਼ਰਾਬ ਦੇ ਠੇਕੇ ਹੋਣ ਕਾਰਨ ਉਹ ਉੱਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰੀਬੀ ਮੰਨੇ ਜਾਂਦੇ ਹਨ।

ਜੀਰਾ ਸ਼ਰਾਬ ਫੈਕਟਰੀ ਦੇ ਸੀਈਓ ‘ਤੇ ਵੀ ਛਾਪਾ

ਦੀਪ ਮਲਹੋਤਰਾ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਦੇ ਸੀਈਓ ਪਵਨ ਬਾਂਸਲ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਜੀਰਾ ਸ਼ਰਾਬ ਫੈਕਟਰੀ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਉੱਥੇ ਹੀ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਬੰਦ ਕਰਨ ਲਈ ਮਜਬੂਰ ਹੋਣਾ ਪਿਆ।